ਇਸ਼ਕ ਦਾ ਕੁਝ ਥਾਹ ਨਹੀਂ ਪਾਇਆ ਗਿਆ।
ਗ਼ਮ ਦੀ ਭੱਠੀ ਜਿੰਦ ਨੂੰ ਤਾਇਆ ਗਿਆ।
ਜਗ ਨੂੰ ਦਿੱਤੀਆਂ ਨੇ ਮੱਤਾਂ, ਅੱਜ ਪਰ,
ਆਪਣੇ ਦਿਲ ਨੂੰ ਨਾ ਸਮਝਾਇਆ ਗਿਆ।
ਤੇਰੀਆਂ ਰਮਜ਼ਾਂ ਦੇ ਮਤਲਬ ਨੇ ਅਜ਼ੀਬ,
ਤੇਰੇ ਮਨ ਦਾ ਭੇਤ ਨਹੀਂ ਪਾਇਆ ਗਿਆ।
ਠੋਕਰਾਂ ਖਾਂਦਾ ਫਿਰੇਗਾ ਦਰ ਬ-ਦਰ
ਤੇਰੇ ਦਰ ਤੋਂ ਜੋ ਵੀ ਠੁਕਰਾਇਆ ਗਿਆ।
ਕਹਿ ਦਿਓ, ਹੁਣ ਗੱਲ ਦਿਲ ਦੀ ਕਹਿ ਦਿਓ,
ਸਬਰ ਮੇਰਾ ਬਹੁਤ ਅਜ਼ਮਾਇਆ ਗਿਆ।