ਇਸ਼ਕ ਦੇ ਰਾਹਾਂ 'ਚ ਭਾਵੇਂ ਜ਼ਹਿਰ ਦੇ ਸਾਗਰ ਰਹੇ
ਤਾਂ ਵੀ ਆਸ਼ਕ ਡੀਕ ਲਾ ਕੇ ਪੀਣ ਨੂੰ ਤਤਪਰ ਰਹੇ
ਜਾਣ ਵਾਲੇ ਨੇ ਤਾਂ ਆਖਰ ਤੁਰ ਹੀ ਜਾਣੈਂ ਸਫ਼ਰ ’ਤੇ
ਤਾਂ ਮਜ਼ਾ ਹੈ ਗ਼ੈਰ-ਹਾਜ਼ਰ ਵੀ ਕੋਈ ਹਾਜ਼ਰ ਰਹੇ
ਇਹ ਲੜਾਈ ਇਸ਼ਕ ਦੀ ਤੇ ਜ਼ਬਰ ਦੀ ਹੈ ਦੋਸਤੋ
ਉਹ ਨਹੀਂ ਆਸ਼ਕ ਕਿ ਜੋ ਘੁਮਸਾਨ ਤੋਂ ਬਾਹਰ ਰਹੇ
ਉਹ ਨਹੀਂ ਮਾਲੀ ਜੋ ਸਮਝੇ ਬਾਗ਼ ਹੈ ਮੇਰੇ ਲਈ
ਬਾਗ਼ਬਾਂ ਉਹ ਹੈ ਕਿ ਜਿਹੜਾ ਬਾਗ਼ ਦੀ ਖ਼ਾਤਰ ਰਹੇ
ਸਾਬਤੀ ਤੇ ਚੌਕਸੀ ਵੀ ਲੋੜ ਹੈ ਸੰਗਰਾਮ ਦੀ
ਗ਼ਲਤ ਹੈ ਜੇਕਰ ਕੋਈ ਕਦਮਾਂ ’ਤੇ ਹੀ ਨਿਰਭਰ ਰਹੇ
ਰੁਤਬਿਆਂ ਦੇ ਮਗਰ ਜਾਣਾ ਨਾ ਸਿਪਾਹੀ ਦਾ ਕਰਮ
ਉਹ ਸਿਪਾਹੀ ਹੈ ਕਿ ਜਿੱਥੇ ਵੀ ਰਹੇ ਬਿਹਤਰ ਰਹੇ
ਮਰ ਗਏ ਕੋਮਲ ਜੀਏ ਜੋ ਝੂਠ ਦੇ ਹਿੱਤਾਂ ਲਈ
ਜੀ ਗਏ ਜੋ ਸੱਚ ਖ਼ਾਤਰ ਮਰਨ ਲਈ ਤਤਪਰ ਰਹੇ