ਜਿਸਮਾਂ ਤੋਂ ਕੀ ਲੈਣਾ ਸੱਜਣਾ, ਮੈਨੂੰ ਚਾਹ ਆ ਤੇਰੀ ਰੂਹ ਦੀ।
ਤੇਰੇ ਦਿਲ ਦਾ ਰਸਤਾ ਦੱਸ ਦੇਵੇ, ਮੈਨੂੰ ਤਲਾਸ਼ ਆ ਉਸ ਸੂਹ ਦੀ।
ਇਸ਼ਕ ਲਈ ਜੀਣਾ ਨਿਰਾ ਹੈ ਝੂਠ, ਇਸ਼ਕ ਲਈ ਮਰਨਾ ਸੱਚ ਕਿਉਂ ਲੱਗਦਾ।
ਮਹਿਬੂਬ ਰਾਜ਼ੀ ਜੇ ਫੇਰ ਨਾ ਹੋਈ, ਕਬਰਾਂ 'ਚ ਪਏ ਨੂੰ ਵੀ ਡਰ ਕਿਉਂ ਲੱਗਦਾ।
ਦੁਨਿਆਵੀਂ ਨਸ਼ੇ ਤੋਂ ਕੀ ਲੈਣਾ, ਜਿਹਨੇ ਨਸ਼ਾ ਇਸ਼ਕ ਦਾ ਕੀਤਾ ਹੋਵੇ।
ਮੌਤ ਤੋਂ ਉਹਨੇ ਕਿੰਝ ਡਰਨਾ, ਜਿਹਨੇ ਜ਼ਹਿਰ ਨਫ਼ਰਤ ਦਾ ਪੀਤਾ ਹੋਵੇ।
ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਹ ਨਫ਼ਰਤ ਭਰੀ ਦੁਨੀਆਂ ਏ।
ਯਾਰ ਯਾਰ ਨਾ ਲੱਭਦੀ ਫਿਰ ਤੂੰ, ਇਹ ਦੁਸ਼ਮਣਾਂ ਦੀ ਦੁਨੀਆਂ ਏ।
ਇਸ਼ਕ ਕਰਨਾ ਕੰਮ ਰੂਹਾਂ ਦਾ, ਤੁਸੀਂ ਚਿਹਰੇ ਲੈ ਕੇ ਬਹਿ ਗਏ ਕਿਉਂ।
ਜਿਸਮਾਂ ਦੀ ਤਾਂ ਜਾਤ ਹੈ ਮਿੱਟੀ, ਤੁਸੀਂ ਭੁੱਖ ਮਿਟਾਉਂਦੇ ਰਹਿ ਗਏ ਕਿਉਂ।
ਤੂੰ ਭੁੱਖਾ ਏ ਜਿਸਮਾਂ ਦਾ, ਮੈਂ ਪਿਆਸੀ ਆ ਤੇਰੇ ਇਸ਼ਕੇ ਦੀ।
ਤੂੰ ਖ਼ੁਦਾ ਏ ਮੇਰੇ ਮੰਦਰਾਂ ਦਾ, ਮੈਂ ਕੰਜਰੀ ਆ ਤੇਰੇ ਇਸ਼ਕੇ ਦੀ।