ਇਸ਼ਕ ਨੇ ਐਸਾ ਛੱਜ ਵਿਚ ਪਾ ਕੇ

ਇਸ਼ਕ ਨੇ ਐਸਾ ਛੱਜ ਵਿਚ ਪਾ ਕੇ ਛੱਟਿਆ ਯਾਰ 

ਸਾਰੇ ਜੱਗ ਨੇ ਮੂੰਹ ਮੇਰੇ ਤੋਂ ਵੱਟਿਆ ਯਾਰ 

ਪਿਛਲੀ ਰਾਤ ਦੇ ਤਾਰੇ ਮੈਥੋਂ ਪੁਛਦੇ ਨੇ 

ਹਿਜਰ ਇਲਾਵਾ ਤੂੰ ਕੀ ਜਗ ਤੋਂ ਖੱਟਿਆ ਯਾਰ 

ਉਹ ਤਿਤਲੀ ਤੋਂ ਨਾਜ਼ੁਕ ਦਿਲ ਦੀ ਪੱਥਰ ਏ 

ਜਿਹਨੇ ਮੇਰੀ ਆਸ ਦਾ ਬੂਟਾ ਪੁੱਟਿਆ ਯਾਰ 

ਤੋੜ ਗਿਆ ਉਹ ਤਸਬੀ ਮੇਰੇ ਸਾਹਵਾਂ ਦੀ 

ਵਿਰਦ ਮੈਂ ਜਿਸਦਾ ਧੜਕਣ ਧੜਕਣ ਰਟਿਆ ਯਾਰ 

ਨੈਣ ਮਿਲਾ ਕੇ ਕੱਖੋਂ ਹੌਲੇ ਹੋ ਗਏ ਆਂ 

ਕੀ ਨੈਣਾਂ ਨੇਂ ਖੱਟਿਆ ਤੇ ਕੀ ਵੱਟਿਆ ਯਾਰ 

ਆਪਣੇ ਮਾਰ ਕੇ ਬੰਦਾ ਛਾਵੀਂ ਸੁੱਟਦੇ ਨੇ 

ਸੱਜਣ ਮੈਨੂੰ ਮਾਰ ਕੇ ਧੁੱਪੇ ਸੁੱਟਿਆ ਯਾਰ 

📝 ਸੋਧ ਲਈ ਭੇਜੋ