ਇਸ਼ਕ ਤੇ ਖ਼ੁਦ-ਦਾਰੀ

ਹੁਣ ਉਹਨਾਂ ਨੂੰ ਕਦੀ ਨਹੀਂ ਕਹਿਣਾ। 

ਦਰਦ ਸਹਿਣਾ ਤੇ ਚੁੱਪ ਹੋ ਰਹਿਣਾ ! 

ਜੇ ਮਿਲਣ ਵੀ ਤਾਂ ਗੱਲ ਨਹੀਂ ਕਰਨੀ ! 

ਨਜ਼ਰ ਤੱਕ ਉਹਨਾਂ ਵੱਲ ਨਹੀਂ ਕਰਨੀ ! 

ਆਪ ਤੜਫਣਗੇ ਆਪ ਆਵਣਗੇ, 

ਵਾਸਤੇ ਪਾ ਪਾ ਬੁਲਾਵਣਗੇ! 

ਪ੍ਰਣ ਕਰਦਾ ਹਾਂ ਮੈਂ ਕਈ ਵਾਰੀ, 

ਜਦ ਕਦੀ ਜਾਗਦੀ ਹੈ ਖ਼ੁਦ-ਦਾਰੀ।

ਨੈਣਾਂ ਵਿਚ ਪਰ ਹਯਾ ਦੇ ਡੋਰੇ ਲੈ, 

ਜਾਦੂ-ਮਸਤੀ ਭਰੇ ਕਟੋਰੇ ਲੈ, 

ਝਿਜਕਦੇ, ਸਹਿਮਦੇ, ਅਤੇ ਸੰਗਦੇ, 

ਬਿਨ ਬੁਲਾਇਆਂ ਉਹ ਲਾਗਦੀ ਲੰਘਦੇ, 

ਪ੍ਰਣ ਭੁੱਲਦੇ ਤੇ ਹੋਸ਼ ਉੱਡ ਜਾਂਦੇ, 

ਜਜ਼ਬਿਆਂ ਕੋਲ ਬੋਲ ਥੁੜ ਜਾਂਦੇ।

ਹੁਸਨ ਦਾ ਜ਼ੋਰ ਜਾਣਦੇ ਨੇ ਉਹ। 

ਨਬਜ਼ ਦਿਲ ਦੀ ਪਛਾਣਦੇ ਨੇ ਉਹ। 

ਖ਼ਾਕ ਸਾਰੀ ਦਾ ਨਾਂ ਵਫ਼ਾਦਾਰੀ, 

ਇਸ਼ਕ਼ ਵਿਚ ਕਦ ਪੁਗੀ ਹੈ ਖ਼ੁਦ-ਦਾਰੀ ! 

ਇਸ਼ਕ ਤਾਂ ਹੈ ਖ਼ੁਦੀ ਦਾ ਮਰ ਜਾਣਾ, 

ਭੁੱਲ ਉਨ੍ਹਾਂ ਦੀ ਤੇ ਆਪ ਬਖ਼ਸ਼ਾਣਾ।

📝 ਸੋਧ ਲਈ ਭੇਜੋ