ਇਸ਼ਕੇ ਦੀ ਲੋਹੜੀ

ਮੈਂ ਇਸ਼ਕੇ ਦੀ ਲੋਹੜੀ ਬਾਲਣੀ ।

ਮੇਰੇ ਮਨ ਵਿੱਚ ਉੱਠਿਆ ਖ਼ਿਆਲ ।

ਮੈਂ ਇਸ਼ਕੇ ਦੀ ਲੋਹੜੀ ਬਾਲਣੀ ।

ਲੋਹੜੀ ਬਾਲਣੀ ਮੈਂ ਚਾਵਾਂ ਨਾਲ ।

ਮੈਂ ਇਸ਼ਕੇ.

ਹਿਜਰ ਦੇ ਜ਼ਖ਼ਮਾਂ ਨਾ' ਅੱਗ ਸੁਲਗਾਊਂਗੀ ।

ਪੰਡ ਬਾਲਣ ਸੁੱਚੇ ਮਾਸ ਦੀ ਪਾਊਂਗੀ ।

ਵੇਖਿਓ ਮੱਚਦਾ ਗਮਾਂ ਦਾ ਜਵਾਲ

ਮੈਂ ਇਸ਼ਕੇ ਦੀ ਲੋਹੜੀ ਬਾਲਣੀ ।

ਲੋਹੜੀ ਬਾਲਣੀ ਮੈਂ ਚਾਵਾਂ ਨਾਲ ।

ਹੱਡੀਆਂ ਨੇ ਛੱਡਣਾ ਸੇਕ ਪੀੜ ਦਾ ।

ਪਿਘਲ ਪਿਘਲ ਟੁੱਟੂ ਮਣਕਾ ਰੀੜ੍ਹ ਦਾ ।

ਕਰ ਸੱਜਣਾ ਦਾ ਦਿਲ 'ਚ ਖ਼ਿਆਲ ।

ਮੈਂ ਇਸ਼ਕੇ ਦੀ ਲੋਹੜੀ ਬਾਲਣੀ ।

ਲੋਹੜੀ ਬਾਲਣੀ ਮੈਂ ਚਾਵਾਂ ਨਾਲ ।

ਬਾਲਣੇ ਲਈ ਅੱਗ ਉੱਤੇ ਲਹੂ ਦੇ ਪਾਊਂ ਛਿੱਟੜੇ

ਵਾਅਦੇ ਸਾਰੇ ਸਾੜਨੇ ਮੈਂ ਸਾਂਭ ਰੱਖੇ ਚਿੱਟੜੇ

'ਸਰਬ' ਸਾੜ ਦੇਣੇ ਸਾਰੇ ਮਲਾਲ ।

ਮੈਂ ਇਸ਼ਕੇ ਦੀ ਲੋਹੜੀ ਬਾਲਣੀ ।

ਲੋਹੜੀ ਬਾਲਣੀ ਮੈਂ ਚਾਵਾਂ ਨਾਲ ।

ਬਿਨ ਸੱਜਣਾ ਇਸ ਦੇਹ ਦਾ ਕੀ ਕਰਨਾ ।

ਯਾਦ ਉਸੇ ਦੀ 'ਚ ਹੱਸ ਹੱਸ ਬਲਣਾ ।

ਲਾਂਬੂ ਲਾ ਦਿਓ ਨਾ ਕਰਿਓ ਸਵਾਲ ।

ਮੈਂ ਇਸ਼ਕੇ ਦੀ ਲੋਹੜੀ ਬਾਲਣੀ ।

ਲੋਹੜੀ ਬਾਲਣੀ ਮੈਂ ਚਾਵਾਂ ਨਾਲ।

ਅਸਾਂ ਕੁੱਝ ਵੀ ਬਚਾਅ ਕੇ ਨਹੀਂਓਂ ਰੱਖਣਾ ।

ਰੋਮ ਰੋਮ ਅੱਗ ਵਿੱਚ ਜਦ ਮੱਚਣਾ ।

ਪੁੱਛਿਓ ਨ ਮੈਨੂੰ ਕੋਈ ਹਾਲ ।

ਮੈਂ ਇਸ਼ਕੇ ਦੀ ਲੋਹੜੀ ਬਾਲਣੀ ।

ਲੋਹੜੀ ਬਾਲਣੀ ਮੈਂ ਚਾਵਾਂ ਨਾਲ ।

ਮੈਂ ਇਸ਼ਕੇ...

📝 ਸੋਧ ਲਈ ਭੇਜੋ