ਉਂਜ ਤਾਂ ਮੁੱਦਤ ਹੋਈ ਖ਼ੁਦਾ ਮਰਿਆਂ
ਤੇਰੇ ਮੇਰੇ ਵਿਚਕਾਰ
ਕੁੱਝ ਵੀ ਆ ਜਾ ਨਹੀਂ ਸਕਦਾ
ਨਾ ਕੋਈ ਆਇਤ
ਨਾ ਕੋਈ ਗੁਰੂ ਦਾ ਬੋਲ
ਪਰ ਅੱਜ ਜਦੋਂ ਤੂੰ ਦੂਜੀ ਵਾਰ
ਈਸ਼ਵਰ ਨੂੰ ਧਿਆਇਆ ਹੈ
ਮਰ ਚੁੱਕੇ ਅੱਲਾਹ ਦੀ ਆਇਤ ਮੁੜ ਜ਼ਿੰਦਾ ਹੈ
ਈਸ਼ਵਰ ਦੇ ਸਿਰਹਾਣੇ
ਧੁੱਪ ਦੀ ਥਾਂ ਸਿਗਰਟ ਸੁਲਗਾਈ ਤੂੰ
ਤਾਂ ਮੈਨੂੰ ਯਕੀਨ ਹੋਇਆ
ਤੇਰੇ ਨਾਲ ਗੱਲ ਹੋ ਸਕਦੀ ਹੈ
ਤੂੰ ਮੈਥੋਂ ਮੇਰਾ ਧਰਮ ਨਹੀਂ ਪੁਛੇਂਗਾ
ਜਿਸ ਕਿਸੇ ਨੇ ਈਸ਼ਵਰ ਨੂੰ
ਰੱਬ ਨੂੰ ਜਾਂ ਰਜ਼ੀਆ ਨੂੰ
ਸਿਗਰਟ ਵਾਂਗ ਪੀਤਾ ਹੈ
ਪੀ ਕੇ ਸੁੱਟ ਦਿੱਤਾ ਹੈ
ਉਹ ਖੁਸ਼ਕਿਸਮਤ ਹੈ ਬੰਦ-ਖਲਾਸ
ਕਿਸੇ ਨੇ ਉਸਦੇ ਸਿਰ ਤੋਂ
ਫ਼ਾਲਤੂ, ਅਣਚਾਹਿਆ ਬੋਝ ਲਾਹ ਦਿੱਤਾ ਹੈ
ਪਰ ਇਹ ਕੈਸਾ ਰੱਬ ਹੈ
ਕੈਸੀ ਇਹ ਰਜ਼ੀਆ ਹੈ
ਜਿਸਨੂੰ ਸਿਰਫ਼ ਪੀਤਾ ਹੀ ਜਾ ਸਕਦਾ ਹੈ
ਸੁੱਟਣ ਜੋਗ ਟੁੱਕੜਾ ਕਦੇ ਨਹੀਂ ਬਚਦਾ
ਇਹ ਕੈਸੀ ਦੋਸਤੀ
ਨਾਜਾਇਜ਼ ਹਰਕਤ ਬਣ
ਤਨ ਬਦਨ ਨੂੰ ਲਿਬੜੀ ਹੈ
ਮੈਂ ਭਰੇ ਬਾਜ਼ਾਰ
ਈਸ਼ਵਰ ਨੂੰ ਹੰਝੂ ਵਾਂਗ ਅੱਖੋਂ ਸੁੱਟ ਦਿੱਤਾ ਸੀ
ਪਰ ਇਹ ਈਸ਼ਵਰ ਖ਼ੁਦਾ ਵਾਂਗ ਚੀੜ੍ਹਾ ਹੈ
ਮਗਰੋਂ ਹੀ ਨਹੀਂ ਲਹਿੰਦਾ
ਈਸ਼ਵਰ ਇੱਕ ਸ਼ਹਿਰ ਸੀ
ਹਲਕੀ ਜਹੀ ਦੋਸਤੀ ਦੀ ਧੂਣੀ ਜਹੀ ਬਾਲ ਕੇ
ਮਰ ਚੁੱਕੇ ਲਾਹੌਰ ਦੀ ਗੱਲ ਅਸੀਂ ਕਰਦੇ ਸਾਂ
ਈਸ਼ਵਰ ਦੀ ਹਰ ਗੱਲ-ਬਾਤ
ਲਾਹੌਰ ਦੀ ਗਲੀ ਬਾਜ਼ਾਰ ਸੜਕ ਵਾਂਗ ਚਲਦੀ ਸੀ
ਲਾਹੌਰ ਦੀ ਸਭ ਤੋਂ ਗਲੀਜ਼
'ਇਛਰਾ' ਇੱਕ ਬਸਤੀ ਹੈ
ਜਿੱਥੇ ਮੈਂ
ਕੱਟੇ ਸਨ ਆਪਣੀ ਜਲਾਵਤਨੀ ਦੇ ਦਿਨ
ਓਸ ਦਲਦਲ ਵਿੱਚ ਸੁੰਡੀ ਵਾਂਗ ਮੈਂ ਪਲਿਆ
ਅੱਜ ਵੀ ਜਦ ਓਸ ਨੂੰ ਫੇਰ ਯਾਦ ਕਰਦਾ ਹਾਂ
ਦਲਦਲ ਵਿੱਚ ਬੈਠਦਾ, ਤੁਰਦਾ, ਖੁਸ਼ ਹੁੰਦਾ ਹਾਂ
ਈਸ਼ਵਰ ਨੂੰ ਸ਼ੌਕ ਸੀ ਸੁੰਡੀ ਕੋਲ ਬਹਿਣ ਦਾ
ਈਸ਼ਵਰ ਚਲਾ ਗਿਆ
ਆਖਰ ਉਹ ਸੁੰਡੀ ਨਹੀਂ ਸੀ
ਉਸ ਨੇ ਉੱਡ ਜਾਣਾ ਸੀ
ਖ਼ੁਦਾ ਹੋਵੇ ਜਾਂ ਈਸ਼ਵਰ
ਦੋਹਾਂ ਦਾ ਕੰਮ ਹੈ
ਬੰਦੇ ਨੂੰ ਪੁੱਟਕੇ ਵਤਨੋਂ ਸੁੱਟ ਦੇਣਾ
ਅਦਨ ਦੇ ਬਾਗ਼ ਤੋਂ
ਇਛਰਾ-ਲਾਹੌਰ ਤੋਂ
ਈਸ਼ਵਰ ਯਾਰ ਤੋਂ
ਜਲਾਵਤਨ ਹੋ ਕੇ ਵੀ ਸੁੰਡੀ ਦੀ ਸੁੰਡੀ ਹਾਂ
ਜਿਸ ਅੱਖ 'ਚੋਂ ਡੁੱਲ੍ਹਾ ਹਾਂ
ਉਸ ਨੂੰ ਭੁੱਲ ਨਹੀਂ ਸਕਿਆ
ਇਹਨਾਂ ਨੂੰ ਰੱਜ ਕੇ
ਮੈਂ ਨਫ਼ਰਤ ਵੀ ਨਹੀਂ ਕਰ ਸਕਦਾ