ਇਸਨੂੰ ਆਪਣੀ ਰੂਹ ਦਾ ਹਾਣੀ ਯਾਦ ਹੈ ਕਿ ਨਹੀਂ ।
ਤਪਦੇ ਮਾਰੂਥਲ ਨੂੰ ਪਾਣੀ ਯਾਦ ਹੈ ਕਿ ਨਹੀਂ ।
ਜੋ ਨਿੱਤ ਦਰੋਪਦੀਆਂ ਨੂੰ ਨਿਰ ਬਸਤਰ ਕਰਦੈ
ਦੁਰਯੋਧਨ ਨੂੰ ਅੰਤ ਕਹਾਣੀ ਯਾਦ ਹੈ ਕਿ ਨਹੀਂ ।
ਹਾੜ੍ਹ ਮਹੀਨੇ ਵਿੱਚ ਬੱਦਲ ਨੂੰ ਪੌਣ ਨੇ ਪੁੱਛਿਆ,
ਤੈਨੂੰ ਧਰਤ ਦੀ ਰੀਝ ਇਆਣੀ ਯਾਦ ਹੈ ਕਿ ਨਹੀਂ ।
ਮੇਰੇ ਹਾਸੇ ਸੁਣ ਕੇ ਮੈਨੂੰ ਵਕਤ ਹਲੂਣੇ,
ਖੂਨ ਜੋ ਨਿਚੜੇ ਅੱਖਾਂ ਥਾਣੀ ਯਾਦ ਹੈ ਕਿ ਨਹੀਂ ।
ਫਰਜ਼ਾਂ, ਗਰਜ਼ਾਂ ਖਾਤਰ ਆਪ ਮਸ਼ੀਨਾਂ ਬਣਗੇ,
ਮੈਂ ਰਾਜਾ ਸੀ, ਤੂੰ ਸੀ ਰਾਣੀ ਯਾਦ ਹੈ ਕਿ ਨਹੀਂ ।
ਤੇਰੇ ਸ਼ਹਿਰ ਦੀ ਠੰਡੀ ਸ਼ਾਮ 'ਚ ਕੋਸੇ ਵਾਅਦੇ,
ਕੀਤੇ ਸੀ, ਉਹ ਬਾਤ ਪੁਰਾਣੀ ਯਾਦ ਹੈ ਕਿ ਨਹੀਂ ।
ਪੁੱਤਾਂ ਹੱਥੋਂ ਰੁਲਦੇ ਬਾਪ 'ਅਮਨ' ਹੁਣ ਦੱਸਣ ?
ਗਰਭ 'ਚ ਮਾਰੀ ਧੀ ਮਰ ਜਾਣੀ ਯਾਦ ਹੈ ਕਿ ਨਹੀਂ ।