ਇਥੇ ਤਾਂ ਧੂੰਆਂ ਹੀ ਧੂੰਆਂ ਹੈ
ਦੋ ਸਾਹ ਲੈਣ ਲਈ
ਹਵਾ ਵੀ ਨਹੀਂ ਲੱਪ ਮਿਲ ਰਹੀ
ਰੁੱਖ ਇਮਾਰਤਾਂ ਧੁਆਂਖੀਆਂ
ਅੰਬਰ ਕਾਲੇ ਵਕਤ ਦੇ ਮਾਰੇ
ਰੂਹਾਂ ਝੁਲਸੀਆਂ
ਇਹਨਾਂ ਬੰਬਾਂ ਮਿਜ਼ਾਇਲਾਂ ਨੂੰ
ਕਿਸੇ ਡੂੰਘੇ ਸਮੁੰਦਰ ਚ ਦਫ਼ਨ ਕਰ ਦਿਓ
ਕੋਈ ਨਹੀਂ ਪਤਾ
ਕਿ ਇਹਨਾਂ ਦੁੱਧ ਚੁੰਘਦੇ ਬੱਚਿਆਂ ਦੀ
ਜ਼ਿੰਦਗੀ ਕਿੰਨੀ ਕੁ ਹੈ
ਅੱਜ ਦਾ ਦਿਨ ਵੀ ਨਹੀਂ ਪਤਾ
ਇਹਨਾਂ ਦਾ ਹੋਵੇ ਕਿ ਨਾ
ਇਹਨਾਂ ਨੰਨਿਆਂ ਹੱਥਾਂ ਵਿਚ
ਖਿਡਾਉਣੇ ਕਿੰਨੇ ਕੁ ਪਲ ਹੋਰ ਰਹਿਣਗੇ
ਕੋਈ ਨਹੀਂ ਜਾਣਦਾ
ਕੋਈ ਬੱਚਾ ਨਹੀਂ ਜਾਣਦਾ
ਕਿਸੇ ਮਾਂ ਨੂੰ ਵੀ ਨਹੀਂ ਕੋਈ ਸਾਰ
ਅਜਕੱਲ
ਦੂਰ ਹੀ ਕਿਤੇ ਲੱਭਦੀ ਹੈ
ਖੁਸ਼ਕਿਸਮਤ ਪੌਣ ਦੀ ਆਵਾਜ਼
ਧਰਵਾਸ ਦੇਣ ਲਈ ਜ਼ਿੰਦਗੀ ਨੂੰ
ਕਿਸੇ ਦੀ ਮੱਦਦ ਕਰਨ ਜਾਉ
ਤਾਂ ਲੜਨ ਨੂੰ ਪੈਂਦੇ ਹਨ ਮੋੜ ਤੇ ਚੁਰਾਹੇ
ਕਿਸੇ ਦੇ ਹੱਥ ਮੋਢੇ ਤੇ ਧਰੋ ਤਾਂ
ਉਹ ਪਰਾਂਅ ਵਗ੍ਹਾ ਮਾਰਦਾ ਹੈ ਬਾਂਹ ਨੂੰ
ਭੀੜ ਵਿੱਚ ਜ਼ਰਾ ਰਸਤਾ ਨਾ ਦੇਣ ਤੇ
ਭੜਕ ਉੱਠਦੇ ਹਨ
ਅਮੀਰਾਂ ਦੇ ਪੁੱਤ ਕੁੱਟਮਾਰ ਕਰਨ
ਖ਼ਬਰ ਛਪਦੀ ਹੈ
ਮਿਜ਼ਾਈਲਾਂ ਨੇ ਰਾਖ਼ ਕਰ ਦਿੱਤੇ
ਯਹੂਦੀਆਂ ਦੇ ਘਰ ਜਵਾਨੀ ਤੇ ਬਚਪਨ
ਕੋਈ ਨਹੀਂ ਬੁਲਾਉਂਦਾ
ਗਲੀ ਚ ਸਹਿਮੇ ਖੇਡਦੇ ਬੱਚਿਆਂ ਨੂੰ
ਇਬਾਦਤ ਦੀ ਵੀ ਨਹੀਂ ਖੁੱਲ੍ਹ
ਮਸਜਿਦ ਵਿਚ
ਨਾ ਕੋਈ ਦੇਵੇ ਅੰਨ ਦਾ ਦਾਣਾ
ਨਾ ਹੀ ਕੋਈ ਕਰੇ ਇਲਾਜ
ਇਹਨਾਂ ਦੇ ਅਲ੍ਹੇ ਜ਼ਖ਼ਮਾਂ ਦਾ
ਇਹਨਾਂ ਦੇ ਚਿਹਰੇ ਧੂੰਏਂ ਸੇਕ ਨਾਲ
ਕਾਲੇ ਬਦਸੂਰਤ ਹੋ ਗਏ ਹਨ
ਕੋਮਲਤਾ, ਸਹਿਜਤਾ ਅਤੇ ਨਿਮਰਤਾ ਇਹਨਾਂ ਦੀ
ਭੁੱਖਾਂ ਪੀੜਾਂ ਚੀਸਾਂ ਨੇ ਡੀਕ ਲਈ ਹੈ
ਰੋਲ ਦਿੱਤੀ ਹੈ ਮਿੱਟੀ ਘੱਟੇ ਵਿੱਚ
ਇਹ ਜੰਮੇ ਹੀ ਮੁੱਕੇ ਵੱਟ ਕੇ ਸਨ
ਰੋਹ ਚ ਵਸਣ ਇਹਨਾਂ ਦੇ ਬੋਲ