ਜਿਥੇ ਇਤਰਾਂ ਦੇ ਵਗਦੇ ਨੇ ਚੋ

ਨੀ ਓਥੇ ਮੇਰਾ ਯਾਰ ਵੱਸਦਾ

ਜਿਥੋਂ ਲੰਘਦੀ ਏ ਪੌਣ ਵੀ ਖਲੋ

ਨੀ ਓਥੇ ਮੇਰਾ ਯਾਰ ਵੱਸਦਾ ।

ਨੰਗੇ ਨੰਗੇ ਪੈਰੀਂ ਜਿਥੇ ਆਉਣ ਪਰਭਾਤਾਂ

ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿੱਥੇ ਰਾਤਾਂ

ਜਿਥੇ ਚਾਨਣੀ 'ਚ ਨ੍ਹਾਵੇ ਖ਼ੁਸ਼ਬੋ

ਨੀ ਓਥੇ ਮੇਰਾ ਯਾਰ ਵੱਸਦਾ ।

ਜਿਥੇ ਹਨ ਮੂੰਗੀਆ ਚੰਦਨ ਦੀਆਂ ਝੰਗੀਆਂ

ਫਿਰਨ ਸ਼ੁਆਵਾਂ ਜਿਥੇ ਹੋ ਹੋ ਨੰਗੀਆਂ

ਜਿਥੇ ਦੀਵਿਆਂ ਨੂੰ ਲੱਭਦੀ ਏ ਲੋ

ਨੀ ਓਥੇ ਮੇਰਾ ਯਾਰ ਵੱਸਦਾ ।

ਪਾਣੀ ਦੇ ਪੱਟਾਂ ਉੱਤੇ ਸਵੇਂ ਜਿਥੇ ਆਥਣ

ਚੁੰਗੀਆਂ ਮਰੀਵੇ ਜਿਥੇ ਮਿਰਗਾਂ ਦਾ ਆਤਣ

ਜਿਥੇ ਬਦੋਬਦੀ ਅੱਖ ਪੈਂਦੀ ਰੋ

ਨੀ ਓਥੇ ਮੇਰਾ ਯਾਰ ਵੱਸਦਾ ।

ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ

ਸੱਜਣਾਂ ਦੇ ਰੰਗ ਜੇਹੇ ਕਣਕਾਂ ਦੇ ਦਾਣੇ

ਜਿਥੇ ਦੱਮਾਂ ਵਾਲੇ ਲੈਂਦੇ ਨੇ ਲੁਕੋ

ਨੀ ਓਥੇ ਮੇਰਾ ਯਾਰ ਵੱਸਦਾ ।

ਜਿਥੇ ਇਤਰਾਂ ਦੇ ਵਗਦੇ ਨੇ ਚੋ

ਨੀ ਓਥੇ ਮੇਰਾ ਯਾਰ ਵੱਸਦਾ

ਜਿਥੋਂ ਲੰਘਦੀ ਏ ਪੌਣ ਵੀ ਖਲੋ

ਨੀ ਓਥੇ ਮੇਰਾ ਯਾਰ ਵੱਸਦਾ ।

📝 ਸੋਧ ਲਈ ਭੇਜੋ