ਹੁਣੇ ਤੇਰੇ ਸੁਪਨਿਆਂ 'ਚੋਂ ਜਾਗਿਆ ਹਾਂ
ਭੂਕ ਪੀਲੀ ਬਾਰੀ ਥਾਣੀ ਲੰਘ ਆਈ ਹੈ ਸਵੇਰ
ਨੇਰ੍ਹ ਦੀ ਸੂਖ਼ਮ-ਸੁਗੰਧੀ ਓਟ ਪਿੱਛੇ
ਖੇਡ ਕੇ ਰੰਗਾਂ ਦੀ ਲੀਲ੍ਹਾ ਫੇਰ ਪੀਲੇ ਚਾਨਣੇ ਵਿਚ ਆ ਗਿਆ ਹਾਂ
ਨੀਂਦ ਹਾਲੇ ਬਿਸਤਰੇ ਤੇ ਊਂਘਦੀ ਹੈ
ਤੇ ਅਜੇ ਵੀ ਆਪਣੇ ਅੰਗਾਂ 'ਚੋਂ ਮੈਨੂੰ ਆ ਰਹੀ
ਮਹਿਕ ਤੇਰੇ ਗੋਰਿਆਂ ਅੰਗਾਂ ਜਹੀ
ਐਨਾ ਇਸ ਵੇਲੇ ਹੀ ਠੀਕ
ਮੈਂ ਜਦੋਂ ਵੀ ਜਾਗਦਾ
ਰੋਜ਼ ਹੀ ਰੁਜ਼ਗਾਰ ਦਾ ਦੁਸ਼ਵਾਰ ਹੀਲਾ
ਇਸ਼ਤਿਹਾਰਾਂ ਨਾਲ ਕੱਜੀ
ਬਾਹਰਲੀ ਦੀਵਾਰ ਨਾਲ
ਕਰ ਰਿਹਾ ਹੁੰਦਾ ਖੜਾ ਮੇਰੀ ਉਡੀਕ
ਪੀਲਾ ਦਿਨ ਉਦਰੇਵਿਆਂ ਦੀ ਧੂੜ ਭਰਿਆ
ਜਿਸ ਤੋਂ ਮੈਂ ਹਾਂ ਰੋਜ਼ ਡਰਿਆ
ਇਹ ਜੋ ਮੇਰੇ ਅੰਗਾਂ ਵਿਚੋਂ ਆ ਰਹੀ
ਮਹਿਕ ਤੇਰੇ ਗੋਰਿਆ ਅੰਗਾਂ ਜਹੀ
ਪੀਲਿਆਂ ਉਦਰੇਵਿਆਂ ਦੀ ਧੂੜ ਵਿਚ ਘੁਲ ਜਾਏਗੀ
ਬਾਹਰਲੇ ਰੌਲੇ ਦੇ ਵਿਚ ਰੁਲ ਜਾਏਗੀ
ਹੁਣੇ ਤੇਰੇ ਸੁਪਨਿਆਂ 'ਚੋਂ ਜਾਗਿਆ ਹਾਂ
ਭੂਕ ਪੀਲੀ ਬਾਰੀ ਥਾਣੀ ਲੰਘ ਆਈ ਹਾਂ ਸਵੇਰ
ਨੇਰ੍ਹ ਦੀ ਸੂਖ਼ਮ-ਸੁਗੰਧੀ ਓਟ ਪਿੱਛੇ
ਖੇਡ ਕੇ ਰੰਗਾਂ ਦੀ ਲੀਲ੍ਹਾ
ਫੇਰ ਪੀਲੇ ਚਾਨਣੇ ਵਿਚ ਆ ਗਿਆ ਹਾਂ।