ਜਾਲੇ ਜਾਲੇ ਜਾਲੇ 

ਪੌਣਾਂ ਤੇ ਪਾਣੀ ਵਿਚ ਆਏ 

ਉਡਦੇ ਰੁੜ੍ਹਦੇ ਜਾਲੇ

ਅੱਖਾਂ ਮੀਟੀ ਅੰਨ੍ਹਿਆਂ ਵਾਂਗੂ 

ਰੁਜ਼ਗਾਰਾਂ ਨੂੰ ਜਾਈਏ 

ਕੁਲ ਡਿੱਠੇ ਅਣਡਿੱਠੇ ਕੀਤੇ 

ਨ੍ਹੇਰੇ ਅਤੇ ਉਜਾਲੇ

ਦਰਬਾਰੋਂ ਜੋ ਮਿਲੇ ਪਿਆਲਾ 

ਸਣ ਜਾਲੇ ਪੀ ਜਾਈਏ 

ਪੁਣ ਕੇ ਪੀਣਾ ਤੇ ਚੁਣ ਕੇ ਜੀਣਾ 

ਇਹ ਨਹੀਂ ਪੁਗਦਾ ਹਾਲੇ

ਕਾਲਾ ਸੂਰਜ ਚੜ੍ਹੇ ਸਵੇਰੇ 

ਕਾਲਾ ਹੀ ਡੁੱਬ ਜਾਵੇ 

ਕਾਲਖ਼ ਬਿਨ ਜਦ ਹੋਰ ਦੂਜਾ 

ਕਿਉਂ ਕੋਈ ਬੱਤੀ ਬਾਲੇ

ਤੂੰ ਮੇਰੇ ਤੇ ਮੈਂ ਤੇਰੇ ਤੇ 

ਬੈਠ ਗਏ ਜਦ ਪਹਿਰੇ 

ਕੌਣ ਕਿਸੇ ਤੋਂ ਰਸਤਾ ਪੁੱਛੇ 

ਕਿਹੜਾ ਰਾਹ ਵਿਖਾਲੇ

ਜੀ ਕੀਤਾ ਅਪਣੇ ਤਕ ਪਹੁੰਚਾਂ 

ਕੁਝ ਤਾਂ ਹੂੰਝ ਬੁਹਾਰਾਂ 

ਪਹੁੰਚ ਗਿਆ ਪਰ ਖੋਲ੍ਹ ਸਕਿਆ 

ਮੱਥੇ ਲੱਗੇ ਤਾਲੇ

ਓਦਰ ਕੇ ਮੈਂ ਆਪਣਿਆਂ ਦਾ

ਜਾ ਬੂਹਾ ਖੜਕਾਇਆ 

ਕੰਧਾਂ ਦੇ ਗਲ ਲਗ ਕੇ ਬਹਿ ਗਏ 

ਟੁੱਕੀਆਂ ਜੀਭਾਂ ਵਾਲੇ

📝 ਸੋਧ ਲਈ ਭੇਜੋ