ਜਾਨ ਬਚਾ ਕੇ ਭਜਦਾ ਹੈ

ਜਾਨ ਬਚਾ ਕੇ ਭਜਦਾ ਹੈ

ਸਨਮੁਖ ਹੋ ਕੇ ਭਿੜਦਾ ਨਹੀਂ

ਕੱਚੇ ਪੈਰੀਂ ਲੜਦਾ ਹੈ

ਦੂਤੀ ਪੱਕਾ ਪਿੜਦਾ ਨਹੀਂ।

ਤੇਰੇ ਨਾਲ ਬਹਾਰ ਗਈ

ਤੇਰੀ ਫੁਰਕਤ ਮਾਰ ਗਈ 

ਮੁਰਝਾਇਆ ਮੁਰਝਾਇਆ ਹਾਂ

ਫੁਲ ਦਿਲ ਦਾ ਹੁਣ ਖਿੜਦਾ ਨਹੀਂ।

ਤੇਰੀ ਮਹਿਫ਼ਿਲ ਵਿਚ ਆ ਕੇ

ਮੈਂ ਹੀ ਠੰਡਾ-ਠਾਰ ਰਿਹਾ

ਵੈਸੇ ਗਰਮਾ-ਗਰਮੀ ਵਿਚ

ਕਿਸਨੂੰ ਕਾਂਬਾ ਛਿੜਦਾ ਨਹੀਂ ?

ਖੋਹਕੇ ਰੱਬਾ ਯਾਰ ਮਿਰਾ

ਮੈਨੂੰ ਲਾਸ਼ ਬਣਾ ਦਿੱਤਾ

ਹੁਣ ਇਹ ਜੀਵਨ ਦਾ ਗੇੜਾ

ਸਿਰਫ਼ ਮੇਰੇ ਤੋਂ ਗਿੜਦਾ ਨਹੀਂ ।

ਮੈਂ ਉਹ ਸੱਚਾ ਆਸ਼ਿਕ ਹਾਂ

ਜ਼ੋ ਮੁਹਤਾਜ ਕਿਸੇ ਦਾ ਨਹੀਂ

ਮੈਨੂੰ ਤੇਰੀਆਂ ਰੱਖਾਂ ਨੇ

ਐਂਵੇ ਤੇ ਮੈਂ ਤਿੜਦਾ ਨਹੀਂ।

ਗ਼ਮ ਉਹਦਾ, ਤੇ ਦੁਨੀਆਂ ਦਾ

ਦੋਇ ਭੁਲਾਣਾ ਚਾਹੁੰਦਾ ਹਾਂ

ਪੀਣ ਤੋਂ ਰੋਕ ਨ ਓ ਜ਼ਾਹਿਦ

ਲਾਭ ਕੋਈ ਕਿੜਕਿੜ ਦਾ ਨਹੀਂ ।

ਪੀ ਲੈ ਰਜ ਕੇ ‘ਹਮਦਰਦਾ' 

ਜੀਵਨ ਮਿਲਿਆ ਪੀਣ ਲਈ

ਫੇਰ ਨਹੀਂ ਮੌਕਾ ਮਿਲਣਾ

ਇਹ ਸੌਦਾ ਮੁੜਘਿੜ ਦਾ ਨਹੀਂ।

📝 ਸੋਧ ਲਈ ਭੇਜੋ