ਜਾਣ ਦੇ
ਹੁਣ ਹੋਰ ਕੱਕੀ
ਰੇਤ ਦੇ ਘਰ ਨਾ ਬਣਾ
ਹੋਰ ਕੱਚੇ ਵਾਅਦਿਆਂ ਦੇ
ਰਾਂਗਲੇ ਫਾਨੂਸ ਮੁੜ ਕੇ ਨਾ ਉਡਾ
ਦੂਰੋਂ ਦੂਰੋਂ ਚਮਕਦੇ
ਮੀਰਾਜ ਸੱਜਰੇ ਨਾ ਵਿਖਾ
ਜਾਣਦਾ
ਜੋ ਹੋਣ ਵਾਲਾ
ਜਾਣਦਾਂ ਜੋ ਹੋਏਗਾ
ਕਿੰਜ ਦਿਲ ਤੋਂ
ਧੂੜ ਅੱਜ ਦੀ
ਭਲਕ ਆਏਗਾ ਧੋਏਗਾ
ਕਲ੍ਹ ਮੈਥੋਂ ਬਿਨ੍ਹਾਂ ਵੀ
ਮੁਸਕਾਣ ਲੱਗ ਪੈਣਾ ਹੈ ਤੂੰ
ਤੇ ਕਿਸੇ ਪੀਡੀ ਜਿਹੀ
ਗਲਵਕੜੀ ਦੇ ਨਿੱਘ ਨੂੰ
ਹੋਰ ਦੋ ਦਿਨ ਬਾਅਦ ਫਿਰ
ਅਜ਼ਮਾਣ ਲੱਗ ਪੈਣਾ ਹੈ ਤੂੰ
ਹੌਲੀ ਹੌਲੀ
ਵਿੱਸਰ ਜਾਣਾ ਹੈ ਮਨੋ ਮੇਰਾ ਪਿਆਰ
ਤੇਰੀਆਂ ਰੀਝਾਂ ਨੇ
ਬਣ ਜਾਣਾ ਨਵੇਂ ਘਰ ਦਾ ਸ਼ੰਗਾਰ
ਹੁੰਦੇ ਹੁੰਦੇ
ਹੋਰ ਚਾਵਾਂ
ਹੋਰ ਸੁਹਜਾਂ
ਨੇ ਗ੍ਰਸ ਲੈਣਾ ਹੈ ਦਿਲ
ਪਤੀ ਦੀ ਭਲਮਾਣਸੀ
ਫੁੱਲਾਂ ਜਹੇ ਬਾਲਾਂ ਨੇ ਖੱਸ ਲੈਣਾ ਹੈ ਦਿਲ
ਫਿਰ ਕਦੀ
ਘਰ ਦੇ ਕਾਰੋਬਾਰ ਤੋਂ ਥੱਕੀ ਹੋਈ
ਕੁਝ ਨਵੀਂ ਵੇਖੀ ਫ਼ਿਲਮ ਦੇ ਅਸਰ ਹੇਠ
ਮਾਣ ਮੱਤੇ ਰੌ 'ਚ ਵਹਿ ਕੇ
ਭੇਤ ਦੀ ਸਾਂਝਣ ਗੁਆਂਢਣ ਕੋਲ ਬਹਿ ਕੇ
ਫੋਲ ਕੇ ਵੇਖੇ ਮੇਰੀ ਪਹਿਲੀ ਕਿਤਾਬ
ਤੇ ਕਹੇ ਕੁਝ ਫ਼ਖ਼ਰ ਨਾਲ
ਇਹਨਾਂ ਕਵਿਤਾਵਾਂ 'ਚ ਮੇਰਾ ਜ਼ਿਕਰ ਹੈ
ਉਸ ਵਿਚਾਰੇ ਨੂੰ ਅਜੇ ਵੀ
ਖੌਰੇ ਕਿੰਨਾ ਫ਼ਿਕਰ ਹੈ
ਝਟ ਹੀ ਫਿਰ
ਜਾਗ ਪਏਗਾ
ਫ਼ਿਕਰ ਤੈਨੂੰ ਮੇਜ਼ ’ਤੇ ਚਾਹ ਲਾਉਣ ਦਾ
ਵਕਤ ਹੋ ਜਾਏਗਾ
ਬਾਲਾਂ ਦੇ ਸਕੂਲੋਂ ਆਉਣ ਦਾ
ਪਿਆਰ ਮੇਰੇ ਦੀ ਕਥਾ
ਇਕ ਵਸੀਲਾ ਹੋਏਗਾ
ਆਪਣਾ
ਤੇ ਛੋਟੀਆਂ ਸੱਖੀਆਂ ਦਾ ਜੀ ਪਰਚਾਉਣ ਦਾ
ਜਾਣ ਦੇ ਹੁਣ ਹੋਰ ਕੱਚੀ ਰੇਤ ਦੇ ਘਰ ਨਾ ਬਣਾ
ਹੋਰ ਕੱਚੇ ਵਾਅਦਿਆਂ ਦੇ
ਰਾਂਗਲੇ ਫਾਨੂਸ ਮੁੜ ਕੇ ਨਾ ਉਡਾ