ਜਾਨ ਜਾਂਦੀ ਹੈ, ਜਾਨ ਜਾਏਗੀ

ਜਾਨ ਜਾਂਦੀ ਹੈ, ਜਾਨ ਜਾਏਗੀ।

ਆਸ ਹੈ ਜ਼ਿੰਦਗੀ ਵੀ ਆਏਗੀ।

ਜ਼ਿੰਦਗੀ ਆਏਗੀ, ਸੂਰਜ ਲੈ ਕੇ,

ਨ੍ਹੇਰ ਜਾਏਗਾ, ਰਾਤ ਜਾਏਗੀ।

ਇਕ ਮੁਹੱਬਤ ਦੀ ਰਸਮ ਹੈ ਜੀਵਨ,

ਏਥੇ ਨਫ਼ਰਤ ਨਾ ਰਾਸ ਆਏਗੀ।

ਜਿਸ ਜਗ੍ਹਾ ਰੁੱਖ ਨਦੀ ਨਾ ਦੀਪ ਦਿਸੂ,

ਉਸ ਜਗ੍ਹਾ ਮੌਤ ਲੈ ਕੇ ਜਾਏਗੀ।

ਤੂੰ ਚਲਾ ਆਏਂ ਫਿਰ ਨਾ ਕੋਲ ਮਿਰੇ,

ਨੀਂਦ ਜਦ ਤੈਨੂੰ ਫੜ ਸੁਲਾਏਗੀ।

ਚੰਦ ਸਿਖ਼ਰੀਂ ਜਦੋਂ ਕੁ ਪਹੁੰਚੇਗਾ,

ਚਾਨਣੀ ਦਰਿਆ ਵਿਚ ਨਹਾਏਗੀ।

ਕਬਰ ਮੇਰੀ ਤੇ ਜੁਗਨੂੰ ਨੇ ਨਾ ਤਾਰੇ,

ਯਾਦ ਤੇਰੀ ਦੀਏ ਜਗਾਏਗੀ।

ਵਕਤ ‘ਅਜਮੇਰ’ ਦੋਸਤ ਹੈ ਕਿਸਦਾ,

ਇਹ ਘੜੀ ਪਰਤਕੇ ਨਾ ਆਏਗੀ।

📝 ਸੋਧ ਲਈ ਭੇਜੋ