ਇਹ ਕਿਸ ਨੇ ਪੁਕਾਰਿਆ ਹੈ ਮੈਨੂੰ
ਜਾਨ... ਕਹਿ ਕੇ
ਕਿ ਵਰਿਆਂ ਤੋਂ ਸੁੱਤੀ ਮੇਰੀ ਮਿੱਟੀ 'ਚੋਂ
ਕੁਛ ਪੁੰਗਰਨ ਲੱਗ ਪਿਆ ਹੈ
ਲਹੂ ਦੀ ਬਰਫ਼ ਖੁਰਨ ਲੱਗੀ ਹੈ
ਨਜ਼ਮ ਨੇ ਅੱਖ ਝਮਕੀ ਹੈ
ਗੀਤ ਦੇ ਹੋਠ ਫਰਕੇ ਨੇ
ਇਹ ਕਿਸ ਨੇ ਪੁਕਾਰਿਆ ਹੈ ਮੈਨੂੰ
ਜਾਨ...ਕਹਿ ਕੇ
ਕਿ ਚੁਫ਼ੇਰੇ ਜ਼ਿੰਦਗੀ ਰੁਮਕ ਪਈ ਹੈ...
ਬੱਦਲ ਦੀ ਕੰਨੀ ਚੋਂ ਬਿਜਲੀ ਲਿਸ਼ਕੀ ਹੈ
ਝਿੜੀ ਵਿਚ ਮੋਰ ਕੂਕਿਆ ਹੈ
ਅਸਮਾਨ ਨੇ ਕਣੀਆਂ ਦੇ ਝਿੰਮਣਾਂ ਨਾਲ
ਧਰਤੀ ਨੂੰ ਪਿਆਰਿਆ ਹੈ
ਚਿਰਾਂ ਤੋਂ ਰੁਕੇ ਪਾਣੀ ਵਹਿਣ ਲੱਗ ਪਏ ਨੇ
ਇਹ ਕਿਸ ਨੇ ਪੁਕਾਰਿਆ ਹੈ ਮੈਨੂੰ
ਜਾਨ... ਕਹਿ ਕੇ
ਕਿ ਸਾਰੀ ਬਨਸਪਤੀ ਫੁੱਲਾਂ 'ਤੇ ਆ ਗਈ ਹੈ....