ਜਾਣ ਲਿਆ ਸੀ ਖ਼ਬਰੇ ਜਾ ਕੇ ਥਲ ਵਸਿਆ ਇਕਲਾਪਾ ।
ਮੈਂ ਜਦ ਘਰ ਵਿਚ ਵੜਿਆ ਮੇਰੇ ਵਲ ਨੱਸਿਆ ਇਕਲਾਪਾ ।
ਟਨ-ਟਨ ਦੀ ਆਵਾਜ਼ ਦਵੇ ਹਰ ਵੇਲੇ ਕੂਚ ਸੁਨੇਹਾ,
ਬੁੱਢੇ ਬੋਲਦ ਦੇ ਗਲ ਖੜਕੇ ਟੱਲ ਘਸਿਆ ਇਕਲਾਪਾ ।
'ਲੋਹੇ ਨੂੰ ਹੈ ਲੋਹਾ ਕੱਟਦਾ', ਕਹਿਣ ਸਿਆਣੇ ਜੱਗ ਦੇ,
ਦਰਦ ਫ਼ਿਰਾਕ ਦਾ ਓਸ ਅਖ਼ੀਰੀ ਹੱਲ ਦੱਸਿਆ ਇਕਲਾਪਾ ।
ਮਰਨੇ ਪਿੱਛੋਂ ਆਪਣੀ ਜਾਨ ਵਿਛੋੜੇ ਤੋਂ ਛੁੱਟ ਜਾਣੀ,
ਮੇਰੀਆਂ ਗੱਲਾਂ ਬਾਤਾਂ ਸੁਣ ਕੇ ਕੱਲ੍ਹ ਹਸਿਆ ਇਕਲਾਪਾ ।
ਮੈਂ ਰੋਵਾਂ ਤੇ ਚੀਕ ਸੁਰੀਲੀ ਨਿਕਲੇ ਏਸੇ ਕਰਕੇ,
ਜਦੋਂ ਕਦੀ ਵੀ ਮਿਲਿਆ ਮੇਰੇ ਗਲ ਫਸਿਆ ਇਕਲਾਪਾ ।
'ਅਨਵਰ' ਖ਼ਾਕ ਇਕੱਠੀ ਕੀਤੀ ਬੁੱਤ ਲਈ ਜਦ ਰੱਬ ਨੇ,
ਨੂਰ ਮਿਲਾਕੇ ਮਿੱਟੀ ਦੇ ਵਿਚ ਬਲ ਹਸਿਆ ਇਕਲਾਪਾ ।