ਜਾਨ ਵੀ ਉਸ ਤੋਂ ਛੁਪਾਈ ਹੈ ਨਹੀਂ,
ਕਦਰ ਪਰ ਭੈੜੇ ਨੇ ਪਾਈ ਹੈ ਨਹੀਂ।
ਨੁਕਸ ਮੇਰੇ ਹੀ ਸਦਾ ਗਿਣਦਾ ਰਿਹਾ,
ਸਿਫ਼ਤ ਇਕ ਵੀ ਨਜ਼ਰ ਆਈ ਹੈ ਨਹੀਂ।
ਕਾਸ਼ ਮੇਰਾ ਦਿਲ ਕਦੀ ਉਹ ਫੋਲਦਾ,
ਸ਼ੱਕ ਦੀ ਪੂਰੀ ਉਸ ਨੇ ਖਾਈ ਹੈ ਨਹੀਂ।
ਵਾਂਗ ਤੱਤੀ ਤਵੀ ਦਿਲ ਤਪਦਾ ਰਿਹਾ,
ਪਿਆਰ ਦੀ ਘਟ ਇਸ ਤੇ ਛਾਈ ਹੈ ਨਹੀਂ।
ਰਾਹ ਨਿਰਾਸ਼ਾ ਨੇ ਬਥੇਰਾ ਰੋਕਿਆ,
ਨਾ-ਉਮੀਦੀ ਮਨ ਨੂੰ ਲਾਈ ਹੈ ਨਹੀਂ।
ਸੋਚਿਆ ਸੀ ਤਰਸ ਖ਼ੌਰੇ ਖਾਏਗਾ,
ਪਰ ਦਿਲੋਂ ਦੀਵਾਰ ਢਾਈ ਹੈ ਨਹੀਂ।
ਤੂੰ ਵਫ਼ਾ 'ਅਮਰੀਕ' ਨ ਛਡੀਂ ਕਦੇ,
ਡਰ ਨਹੀਂ ਜੇ ਉਸ ਨੂੰ ਭਾਈ ਹੈ ਨਹੀਂ।