ਜਾਣਦਾ ਹਾਂ ਹਰ ਕਦਮ 'ਤੇ ਹੋ ਰਿਹਾ ਨੁਕਸਾਨ ਹੈ।
ਪਰਤਣਾ ਪਿੱਛੇ ਮੇਰੇ ਵਿਸ਼ਵਾਸ ਦਾ ਅਪਮਾਨ ਹੈ।
ਤੇਰਾ ਦਿੱਤਾ ਹੋਇਆ ਗ਼ਮ ਵੀ ਦੋਸਤਾ ਪ੍ਰਵਾਨ ਹੈ,
ਤੇਰੇ ਦਿੱਤੇ ਹੋਏ ਗ਼ਮ ਦੀ ਵੀ ਅਨੋਖੀ ਸ਼ਾਨ ਹੈ।
ਜੇ ਤੂੰ ਹੋਵੇਂ ਨਾਲ ਤਾਂ ਜੰਗਲ 'ਚ ਮੰਗਲ ਹੋ ਜਾਏ,
ਤੂੰ ਨਹੀਂ ਤਾਂ ਭਰਿਆ ਘਰ ਸੁੰਨਸਾਨ ਬੀਆਬਾਨ ਹੈ।
ਰੁਠ ਗਏ ਭਾਵੇਂ ਉਹ ਹੁਣ ਐਪਰ ਗਿਲਾ ਤਾਂ ਠੀਕ ਨਹੀਂ,
ਅਜੇ ਵੀ ਉਨ੍ਹਾਂ ਦਾ ਮੇਰੇ ਸਿਰ ਬਹੁਤ ਅਹਿਸਾਨ ਹੈ।
ਮੈਂ ਤਾਂ ਘਰ ਵਿਚ ਹਾਂ ਸਿਰਫ਼ ਸਾਮਾਨ ਦੀ ਰਾਖੀ ਲਈ,
ਕੌਣ ਕਹਿੰਦਾ ਹੈ ਕਿ ਮੇਰੇ ਸੁੱਖ ਲਈ ਸਾਮਾਨ ਹੈ।
ਹੈ ਉਵੇਂ ਤ੍ਰਿੰਞਣਾਂ ਦੀ ਰੌਣਕ ਹੈ ਉਵੇਂ ਪਿੱਪਲਾਂ ਦੀ ਛਾਂ,
ਪਰ ਤੇਰੇ ਬਾਝੋਂ ਇਹ ਬਸਤੀ ਜਾਪਦੀ ਵੀਰਾਨ ਹੈ।