ਛਿਪਦੇ ਸੂਰਜ ਦੀ ਗਾਨੀ ’ਤੇ,
ਕੰਬਦੇ ਸੁਖਨ ਹਵਾਵਾਂ ਦੇ।
ਸਰਘੀ ਵੇਲੇ ਮੁੜ ਆਵਣਗੇ,
ਤੁਰ ਗਏ ਦਰਦ ਝਨਾਵਾਂ ਦੇ।(੧)
ਜਿਸ ਤਾਰੇ ਦੀ ਗਹਿਰ ਥਲਾਂ ਵਿਚ
ਖ਼ੂਨ ਮੇਰੇ ਵਿਚ ਚੜ੍ਹਿਆ-
ਜੋ ਨ ਬੋਲ ਤੇਰੇ ਫੜ ਹੋਏ
ਉਹੀਓ ਖੰਭ ਦੁਆਵਾਂ ਦੇ।(੨)
ਚੰਨ ਤੋਂ ਵਿਛੜ ਰਿਸ਼ਮ ਜੋ ਮੋਈ
ਸਖੀ ਈਦ ਦੀ ਉਹੀਓ,
ਸੁੰਨੀਓ ਪੈੜੋ ਕੂਕ ਨ ਮਾਰੋ
ਅੱਥਰੂ ਮੁੜਨਗੇ ਮਾਵਾਂ ਦੇ।(੩)
ਕਿਸੇ ਅਜ਼ਾਨ ਦਾ ਪਾਣੀ ਵਗਦਾ
ਸੁੱਕੇ ਸਰਵਰ ਹੇਠਾਂ,
ਸੰਘਣੇ ਵਣਾਂ 'ਤੇ ਧੂੜ ਚਿਰਾਂ ਦੀ
ਸੁਣਦੀ ਹੌਕੇ ਛਾਵਾਂ ਦੇ।(੪)
ਸੰਞ ਨੂੰ ਪਿੱਪਲਾਂ ਹੇਠ ਛੰਭਾਂ 'ਤੇ
ਆਇਆ ਜੁਗਨੂੰ ਦੂਰ ਕਿਤੋਂ,
ਮੁੜ ਆਵੇਗੀ ਨਾਰ ਛਬੀਲੀ
ਲੈ ਕੇ ਰੰਗ ਗਰਾਵਾਂ ਦੇ।(੫)
ਭਰ ਸੁੱਕੇ ਸ਼ਹੂ ਦੇਸਨ ਤੈਨੂੰ
ਇਕ ਦਿਨ ਸੂਹਾ ਸਾਲੂ,
ਇਕ ਦਿਨ ਸਿਖਰ ਦੁਪਹਿਰੇ ਹੋਸਨ
ਪੈਂਡੇ ਮੇਰੇ ਗੁਨਾਹਾਂ ਦੇ।(੬)
ਇਕ ਦਿਨ ਖੋਰ ਲਵੇਗੀ ਮਹਿੰਦੀ
ਲੰਮੀ ਨਦੀ ਜੋ ਵਗਦੀ,
ਇਕ ਦਿਨ ਫ਼ਜਰ 'ਚ ਬਲ ਉੱਠਣਗੇ
ਦੀਵੇ ਵਿਛੜੇ ਸਾਹਵਾਂ ਦੇ।(੭)
ਇਕ ਦਿਨ ਏਸ ਝਨਾਂ ਨੇ ਹੋਣਾ
ਅੰਧ, ਅਸੀਰ, ਬੇਗਾਨਾ,
ਇਕ ਦਿਨ ਜਲ-ਥਲ ਵਹਿ ਉੱਠਣਗੇ
ਸੁਪਨੇ ਯਾਰ ਦੇ ਨਾਵਾਂ ਦੇ।(੮)
ਇਕ ਦਿਨ ਮੇਰੇ ਮੱਥੇ ਉੱਤੇ
ਪੈਣੀ ਧੂੜ ਦੁਰੇਡੀ,
ਇਕ ਦਿਨ ਪੱਤਣਾਂ 'ਤੇ ਆਵਣਗੇ
ਮੋਏ ਸ਼ੁਤਰ ਸਦਾਵਾਂ ਦੇ।(੯)
ਇਕ ਦਿਨ ਸੰਞ ਮਜ਼ਾਰਾਂ ਦੀ ਵਿਚ
ਕੂਕੇਗਾ ਕੋਈ ਕਤਰਾ,
ਇਕ ਦਿਨ ਜਿਊਣ-ਜੋਗੀਏ ਤੈਂ ਬਿਨ,
ਮਿਲਣਗੇ ਯਾਰ ਗਰਾਵਾਂ ਦੇ।(੧੦)
ਨਨਕਾਣੇ ਕੁਰਲਾ ਉੱਠੇਗਾ
ਇਕ ਦਿਨ ਭਰਿਆ ਮੇਲਾ,
ਅੱਧੀ ਰਾਤ ਨੂੰ ਦਰ 'ਤੇ ਬਹਿਣੇ
ਦੁਖੜੇ ਮੁੜ ਸਭਰਾਵਾਂ ਦੇ।(੧੧)
ਸਤਲੁਜ-ਕਿਣਕੇ ਦੀ ਛਾਂ ਹੇਠਾਂ
ਸਭ ਫ਼ਰਿਆਦਾਂ ਹੋਸਨ,
ਸੁੰਨੀਆਂ ਰੇਤਾਂ ਦੇ ਸਿਰ ਪੈਸਨ
ਸੂਹੇ ਬਿੰਗ ਖ਼ਲਾਵਾਂ ਦੇ।(੧੨)
ਹਾਲ-ਹਵਾਲ ਪੁੱਛਣੇ ਰੋ ਕੇ
ਮੇਲੇ ਵਿਚ ਜੱਲਾਦਾਂ,
ਧੂੜ ਕਾਫ਼ਲੇ ਦੀ ਵਿਚ ਰੁਲਸਨ
ਅੱਥਰੂ ਦੂਰ-ਸਜ਼ਾਵਾਂ ਦੇ।(੧੩)
ਤਪਦਾ ਨਾਦ ਬੇਓੜਕ ਭੀਸ਼ਣ
ਰੋਲ ਸੁੱਟੇਗਾ ਰਾਹਾਂ,
ਬਹਿ ਧਰਵਾਸ ਦੇਣਗੇ ਮੈਨੂੰ
ਜਿਗਰੇ ਟੁੱਟੀਆਂ ਬਾਹਵਾਂ ਦੇ।(੧੪)
ਮੰਗੂ ਬਣ ਕੇ ਪੀਰ ਪੈਗ਼ੰਬਰ
ਕਦੇ ਤਾਂ ਆਵਣ ਬੇਲੇ,
ਤ੍ਰਿਣ ਦੇ ਵਾਂਗੂੰ ਜਾਨ ਪਲੇਗੀ
ਮੇਲੇ ਛੋਡ ਭਰਾਵਾਂ ਦੇ।(੧੫)
ਮੁੜ ਕੇ ਹੌਲ ਪਵੇਗਾ ਓਹੀ
ਸੁਣ ਬੇਲੇ ਦੀਆਂ ਹੇਕਾਂ,
ਉਹੀਓ ਲਟਕ ਫ਼ਕੀਰੀ ਤੈਂਡੀ
ਉਹੀਓ ਮੋੜ ਅਦਾਵਾਂ ਦੇ।(੧੬)
ਕਮਲੀ ਨਾਰ ਸਾਰ ਨ ਜਾਣੇ
ਲੱਖ ਦਰਿਆ ਜੇ ਹੁੱਲੇ,
ਉਹੀਓ ਦੇਸ ਮਾਹੀ ਦਾ ਸੋਹਣਾ
ਉਹੀਓ ਹੱਕ ਨਿਗਾਹਵਾਂ ਦੇ॥(੧੭)