ਜਦ ਬੰਦੇ ਦੀ ਹਿੰਮਤ ਅੱਗੇ

ਜਦ ਬੰਦੇ ਦੀ ਹਿੰਮਤ ਅੱਗੇ, ਹਰ ਜਾਂਦਾ ਪਾਣੀ

ਰੇਤ ਦੇ ਟਿੱਬਿਆਂ ਨੂੰ ਵੀ ਗੁਲਸ਼ਨ, ਕਰ ਜਾਂਦਾ ਪਾਣੀ

ਇਸ ਤੋਂ ਵੱਧ ਹਸਾਸ ਕੋਈ ਸ਼ੈ, ਦੁਨੀਆਂ ਵਿਚ ਨਹੀਂ ਵੇਖੀ,

ਧੁੱਪੇ ਤਪ ਜਾਂਦਾ ਛਾਵੇਂ, ਠਰ ਜਾਂਦਾ ਪਾਣੀ

ਐਨਾ ਕੀ, ਸਭ ਕੌਮ ਦੀ ਗ਼ੈਰਤ, ਦਾਅ ਉੱਤੇ ਲਾ ਦੇਵੇ,

ਜਿਸ ਬੇਗ਼ੈਰਤ ਦੀ ਅੱਖ ਵਿਚੋਂ ਮਰ ਜਾਂਦਾ ਪਾਣੀ

ਧਰਤੀ ਦਾ ਦਿਲ ਡੋਲੇ ਖਾਂਦਾ ਅਰਸ਼ ਅਜ਼ੀਮ ਵੀ ਹਿੱਲਦਾ,

ਜਦ ਮਜ਼ਲੂਮਾਂ ਦੀ ਅੱਖ ਅੰਦਰ ਤਰ ਜਾਂਦਾ ਪਾਣੀ

ਆਪਣੀ ਫ਼ਿਤਰਤ ਕਦੇ ਨਾ ਬਦਲੇ ਇਹ ਖ਼ਾਸੀਅਤ ਇਹਦੀ,

ਭਾਵੇਂ ਪੱਥਰ ਕਰ ਲਉ ਓੜਕ ਖਰ ਜਾਂਦਾ ਪਾਣੀ

ਗੁੱਸੇ ਦੇ ਵਿਚ ਆਵੇ ਤੇ ਇਹ ਵਸਦੇ ਸ਼ਹਿਰ ਉਜਾੜੇ,

ਨਹੀਂ ਤੇ ਰੋਜ਼ ਵਸਾ ਕੇ ਲੱਖਾਂ ਘਰ ਜਾਂਦਾ ਪਾਣੀ

ਕਤਰੇ ਕਤਰੇ ਅੰਦਰ 'ਸ਼ੈਦਾ' ਚਾਨਣ ਤੇ ਹਰਿਆਲੀ,

ਜ਼ੱਰੇ-ਜ਼ੱਰੇ ਦੇ ਵਿਚ ਅਮ੍ਰਿਤ ਭਰ ਜਾਂਦਾ ਪਾਣੀ

📝 ਸੋਧ ਲਈ ਭੇਜੋ