ਜਦ ਦੇ ਅਸੀਂ ਅਟੇਰਨ ਕੱਤਣ

ਜਦ ਦੇ ਅਸੀਂ ਅਟੇਰਨ ਕੱਤਣ ਭੁੱਲ ਗਏ ਹਾਂ ।

ਸਾਰੇ ਰਸਤੇ ਸਾਰੇ ਪੱਤਣ ਭੁੱਲ ਗਏ ਹਾਂ ।

ਰਿਜ਼ਕ ਵਧੇਰੇ ਲਈ ਪਰਦੇਸੀਂ ਭਟਕ ਗਏ,

ਜੰਮਣ ਭੋਏਂ ਦੇ ਵੱਲ ਪਰਤਣ ਭੁੱਲ ਗਏ ਹਾਂ ।

ਉਚੇ ਮਹਿਲ ਕੀ ਦੇਖੇ ਜਾ ਕੇ ਲਹਿੰਦੇ ਦੇ,

ਆਪਣੀ ਕੁੱਲੀ ਆਪਣੀ ਛੱਤਣ ਭੁੱਲ ਗਏ ਹਾਂ ।

ਦੌਲਤ ਪਿੱਛੇ ਭੱਜਦੇ ਭੱਜਦੇ ਹਫ਼ ਗਏ ਹਾਂ,

ਆਪਸ ਦੀ ਨਿੱਘ ਤੇ ਮਿਲਵਰਤਣ ਭੁੱਲ ਗਏ ਹਾਂ ।

ਰੋਗ ਅਵੱਲੇ ਲਾਏ ਰੂਹਾਂ ਜਿਸਮਾਂ ਨੂੰ,

ਆਪਣੀ ਮਿੱਟੀ ਦੇ ਕੀ ਬਰਤਨ ਭੁੱਲ ਗਏ ਹਾਂ ।

ਸਾਡੇ ਤੋਂ ਵੱਧ 'ਕੁਦਸੀ' ਕਿਹੜਾ ਕੱਬਾ ਸੀ,

ਪਰ ਹੁਣ ਸਾਰੀ ਕੌੜ-ਕੜੱਤਣ ਭੁੱਲ ਗਏ ਹਾਂ ।

📝 ਸੋਧ ਲਈ ਭੇਜੋ