ਜਦ ਦਿਲ ਦੀ ਬਾਜ਼ੀ ਹਾਰ ਗਏ

ਜਦ ਦਿਲ ਦੀ ਬਾਜ਼ੀ ਹਾਰ ਗਏ

ਫੁੱਲ ਬੁਲਬੁਲ ਬਾਗ਼ ਬਹਾਰ ਗਏ।

ਪਰਬਤ ਬਰਫ਼ਾ ਝੀਲਾਂ ਝਰਨੇ

ਮਾਨਣ ਦੇ ਸਭ ਆਸਾਰ ਗਏ।

ਪੰਛੀ ਮੁੜ ਆਏ ਪਿੰਜਰੇ ਨੂੰ

ਮੰਨ੍ਹ ਪਿੰਜਰਾ ਹੀ ਘਰਬਾਰ ਗਏ।

ਜਦ ਸੱਤ ਸਮੁੰਦਰ ਪਾਰ ਗਿਓਂ

ਸਾਨੂੰ ਭੁੱਲ ਸਾਰੇ ਸ਼ਿੰਗਾਰ ਗਏ।

ਕੋਮਲ ਹੱਥ ਪੌਣ ਦੇ ਛੂਹ ਮੈਨੂੰ

ਜ਼ੁਲਫ਼ਾ ਦੇ ਪੇਚ ਸੰਵਾਰ ਗਏ।

ਜਿਸ ਦਿਨ ਤੋਂ ਅੱਖਾਂ ਚਾਰ ਹੋਈਆਂ

ਸਭ ਸ਼ਿਕਵੇ ਸਭ ਤਕਰਾਰ ਗਏ।

ਛਡ ਪੈਨਸਿਲ ਕੋਮਲ ਹੱਥ ਵੇਖੋ

ਰੋਜ਼ੀ ਭਾਲਣ ਬਾਜ਼ਾਰ ਗਏ।

ਰੱਬ ਰਾਖਾ ਮਾਂ ਬਿਨ ਬੱਚਿਆਂ ਦਾ

ਉਡ ਕੂੰਜਾਂ ਦੇ ਕਈ ਡਾਰ ਗਏ।

‘ਉੱਪਲ’ ਪੱਥਰਾਂ ਦੇ ਸ਼ਹਿਰ ਵਿੱਚੋਂ

ਹਰਿਆਲੀ ਦੇ ਸ਼ਿੰਗਾਰ ਗਏ।

 

📝 ਸੋਧ ਲਈ ਭੇਜੋ