ਜਦ ਜੰਗਲ ਦਾ ਰੁਖ ਕੀਤਾ ਉਹ ਰਾਤ ਮਿਰੇ ਤੇ ਭਾਰੀ ਸੀ।
ਜ਼ਖ਼ਮੀ ਤੇ ਮੈਂ ਹੋਇਆ ਸਾਂ, ਪਰ ਚਾਂਗਰ ਕਿਸਨੇ ਮਾਰੀ ਸੀ?
ਕੰਨਾਂ ਦੇ ਕੋਲੋਂ ਦੀ ਨੇਰ੍ਹੀ ਸੀਟੀਆਂ ਮਾਰਕੇ ਲੰਘਦੀ ਗਈ,
ਹਿਰਨਾਂ ਵਾਗੂੰ ਸਹਿਕ ਸਹਿਕ ਕੇ ਸਾਰੀ ਰਾਤ ਗੁਜ਼ਾਰੀ ਸੀ।
ਮੀਂਹ ਦੀਆਂ ਕਣੀਆਂ ਵਾਗੂੰ ਨ੍ਹੇਰਾ ਡਿਗਿਆ ਸੀ ਅਸਮਾਨਾਂ ਤੋਂ,
ਪਹਿਲਾਂ ਰ੍ਹਾਵਾਂ ਅੰਨ੍ਹੀਆਂ ਹੋਈਆਂ ਦੂਜੀ ਮੇਰੀ ਵਾਰੀ ਸੀ।
ਲੂੰ ਲੂੰ ਦੇ ਵਿਚ ਜ਼ਹਿਰੀ ਸੱਪਾਂ ਅਪਣੇ ਦੰਦ ਖਭੋਏ ਸਨ,
ਫੇਰ ਵੀ ਅੱਖ ਨ ਖੁੱਲ੍ਹੀ ਮੇਰੀ ਮੈਨੂੰ ਨੀਂਦਰ ਪਿਆਰੀ ਸੀ।
ਡਰਦਿਆਂ ਮਾਰਿਆਂ ਹੌਕਾ ਵੀ ਨਈਂ ਭਰਦੀ ਸੀ ਜੰਗਲ ਦੀ 'ਵਾ,
ਪੱਥਰ ਵਾਗੂੰ ਚੁਪ ਸੀ ਜਿਹਨੂੰ ਜਾਗਣ ਦੀ ਬੀਮਾਰੀ ਸੀ।
ਯਾ ਉਸ ਰਾਤ ਗਵਾਚ ਗਏ ਸਨ, ਅਸਮਾਨਾਂ ਦੇ ਤਾਰੇ ਵੀ,
ਯਾ ਅੰਬਰ ਦੀ ਚਾਦਰ ਦੀ ਚੋਰਾਂ ਨੇ ਬੁੱਕਲ ਮਾਰੀ ਸੀ।
ਬਾਲਾਂ ਵਾਲੀਆਂ ਮਾਵਾਂ ਦੀ ਛਾਤੀ ਵਿਚ ਪੀੜਾਂ ਉੱਠੀਆਂ ਸਨ,
ਉਹਦਾ ਖ਼ੂਨ ਵੀ ਸੁੱਕ ਗਿਆ ਸੀ ਜਿਹੜੀ ਕੁੜੀ ਕੁਆਰੀ ਸੀ।
ਬੋਲਦਾ ਸਾਂ ਤੇ ਕੰਨਾਂ ਵਾਲੇ ਮੇਰੀ 'ਵਾਜ ਨਾ ਸੁਣਦੇ ਸਨ,
ਜਿੱਥੇ ਮੈਂ ਬਿਲਕੁਲ ਕੱਲਾ ਸਾਂ ਓਥੇ ਖ਼ਲਕਤ ਸਾਰੀ ਸੀ।