ਜਦ ਕਿਸੇ ਨੇ ਜਦ ਕਿਸੇ ਵੀ ਮਾਂ ਨੂੰ ਵੱਟੇ ਮਾਰੇ
ਰੱਬ ਈ ਜਾਣੇ ਰੱਬ ਦੀ ਕਿਹੜੀ ਥਾਂ ਨੂੰ ਵੱਟੇ ਮਾਰੇ
ਮੈਂ ਵੇਖੇ ਨੇ ਸਾਰੀ ਉਮਰੇ ਧੁੱਪਾਂ ਦੇ ਵਿਚ ਸੜਦੇ
ਰੁੱਖ ਨੂੰ ਜਿੰਨ੍ਹਾਂ ਧੱਕੇ ਦਿੱਤੇ ਛਾਂ ਨੂੰ ਵੱਟੇ ਮਾਰੇ
ਜਦ ਵੀ ਪਿਆਰ ਸੁਨੇਹੜੇ ਲੈ ਕੇ ਤੇਰੇ ਪਿੰਡ ਨੂੰ ਟੁਰਿਆ
ਖ਼ਬਰ ਏ ਮੈਨੂੰ ਕੀਹਨੇ ਕੀਹਨੇ ਕਾਂ ਨੂੰ ਵੱਟੇ ਮਾਰੇ
ਪਹਿਲਾਂ ਫੁੱਲ ਸੁਟਦੇ ਸੀ ਤੇ ਫਿਰ ਉਹ ਵੇਲ਼ਾ ਵੀ ਆਇਆ
ਮੈਂ ਤੇ ਮੈਂ ਸਾਂ ਸੱਜਣਾਂ ਮੇਰੇ ਨਾਂ ਨੂੰ ਵੱਟੇ ਮਾਰੇ
ਏਥੋਂ ਦੇ ਈ ਲੋਕ ਸੀ ਭਲਿਆ ਹੋਰ ਕਿਤੋਂ ਨਈਂ ਆਏ
ਜਿੰਨ੍ਹਾਂ ਭਰੀ ਪਰ੍ਹਿਆਂ ਵਿਚ ਨਿਆਂ ਨੂੰ ਵੱਟੇ ਮਾਰੇ
ਇੱਕ ਅਰਸੇ ਲਈ ਜਿੰਨ੍ਹਾਂ ਨੇ ਇੱਕ ਹਾਂ ਲਈ ਤਰਲੇ ਮਾਰੇ
ਦੁੱਖ ਹੋਇਆ ਜਦ ਉਹਨਾਂ ਓਸੇ ਹਾਂ ਨੂੰ ਵੱਟੇ ਮਾਰੇ
ਅੱਜ ਫਿਰ ‘ਸੰਧੂ ਪਿੰਡ ਦੇ ਚੌਕ ’ਚ ਇਕ ਮਜਬੂਰ ਨੂੰ ਲੋਕਾਂ
ਇੰਜ ਲਗਦਾ ਸੀ ਜਿਸਰਾਂ ਮੱਝ ਜਾਂ ਗਾਂ ਨੂੰ ਵੱਟੇ ਮਾਰੇ