ਜਦ ਮੈਂ ਕਵਿਤਾ ਲਿਖਦਾ

ਜਦ ਮੈਂ ਮਾਂ ਬਾਰੇ ਕਵਿਤਾ ਲਿਖਦਾ ਹਾਂ

ਤਾਂ ਮੈਨੂੰ ਮਾਂ ਨਾਲ ਹੋਰ ਪਿਆਰ ਆਉਣ ਲਗਦਾ ਹੈ

ਜਦ ਮੈਂ  ਬੁਢਾਪੇ 'ਤੇ ਕਵਿਤਾ ਲਿਖਦਾ ਹਾਂ

ਤਾਂ ਮੇਰਾ ਬਜ਼ੁਰਗਾਂ ਬਾਰੇ ਸਤਿਕਾਰ ਹੋਰ ਵਧ ਜਾਂਦਾ ਹੈ

ਜਦ ਮੈਂ  ਔਰਤ ,ਕਾਮੇ, ਮਜ਼ਦੂਰ ਜਾਂ ਦਲਿਤ ਬਾਰੇ ਕਵਿਤਾ ਲਿਖਦਾਂ

ਤਾਂ ਮੇਰੀ ਇਹਨਾਂ  ਬਾਰੇ ਨਜ਼ਰ ਹੋਰ ਵੀ ਸਵੱਲੀ ਹੋ ਜਾਂਦੀ ਹੈ

ਇਹਨਾ ਦੇ ਹੁੰਦੇ ਸ਼ੋਸ਼ਣ ਬਾਰੇ ਰੋਹ ਹੋਰ ਪ੍ਰਚੰਡ ਹੋ ਜਾਂਦਾ ਹੈ

ਜਦ ਮੈਂ  ਬਦਨ ਵੇਚ ਕੇ ਪਰਿਵਾਰ ਪਾਲਣ ਵਾਲ਼ੀਂਆਂ

ਵੇਸਵਾਵਾਂ ਬਾਰੇ ਕਵਿਤਾ ਲਿਖਦਾਂ

ਤਾਂ ਮੈਨੂੰ ਉਹ ਪੂਜਣਯੋਗ ਲੱਗਣ ਲਗਦੀਆਂ ਨੇ

ਜਦ ਮੈਂ ਕਵਿਤਾ ਲਿਖਦਾਂ

ਉਦੋਂ ਮੈਂ ਸਿਰਫ਼ ਕਵਿਤਾ ਹੀ ਨਹੀਂ ਲਿਖਦਾ

ਉਦੋਂ ਮੈਂ ਆਪਣੇ ਆਪ ਨੂੰ ਵੀ ਲਿਖ ਰਿਹਾ ਹੁੰਦਾ ਹਾਂ

ਕਿੰਨਾ ਲਾਜ਼ਮੀ ਹੈ ਕਵਿਤਾ ਲਿਖਣਾ

ਤੇ ਕਵਿਤਾ ਲਿਖਕੇ ਆਪਣੇ ਆਪ ਨੂੰ ਲਿਖਦੇ ਰਹਿਣਾ

ਆਪਣੇ ਅੰਦਰਲੇ ਸੁੱਕਦੇ ਜਾ ਰਹੇ

ਇਨਸਾਨੀ ਵੱਤਰ ਨੂੰ ਸਾਂਭੀ ਰੱਖਣ ਲਈ

📝 ਸੋਧ ਲਈ ਭੇਜੋ