ਜਦ ਮੈਂ ਕੁਝ ਨਾ ਸਾਂ

ਜਦ ਮੈਂ ਕੁਝ ਨਾ ਸਾਂ

ਮੈਂ ਸਭ ਕੁਝ ਸਾਂ

ਅੱਜ ਮੈਂ ਸਭ ਕੁਝ ਹਾਂ

ਪਰ, ਸੱਚ ਜਾਣਿਉ! 

ਮੈਂ ਕੁਝ ਨਹੀਂ ਹਾਂ

ਮੈਂ ਬੱਚਾ ਸਾਂ ਸ਼ਰਾਰਤੀ ਸਾਂ

ਸ਼ੈਤਾਨ ਸਾਂ

ਪਰ ਇੱਕ ਸਹੀ, ਇਨਸਾਨ ਸਾਂ

ਮੇਰੀ ਸੋਚ ਵਿੱਚ ਸਾਦਗੀ ਸੀ

ਇਸ ਸਾਦਗੀ ਵਿੱਚ ਛੁਪੀ

ਅਣਭੋਲ ਜਿਹੀ ਸ਼ਰਾਰਤ ਸੀ

ਮੈਂ ਸ਼ਰਾਰਤੀ ਸਾਂ, ਸ਼ੈਤਾਨ ਸਾਂ

ਪਰ ਕੁਦਰਤ ਦਾ ਅਕਸ਼ ਸਾਂ

ਬਿੰਬ ਸਾਂ, ਦੀਨ ਸਾਂ, ਇਮਾਨ ਸਾਂ

ਅੱਜ ਮੈਂ ਵੱਡਾ ਹਾਂ, ਅਮੀਰ ਹਾਂ

ਪੜ੍ਹਿਆ ਲਿਖਿਆ ਹਾਂ,

ਜ਼ਿੰਮੇਵਾਰ ਹਾਂ

ਪਰ ਸੱਚ ਆਖਾਂ, ਤਾਂ

ਮੈਂ ਨਾਦਾਨ ਹਾਂ ਕਿਉਂਕਿ

ਹੁਣ ਮੈਨੂੰ ਉਡਦੀਆਂ ਹਵਾਵਾਂ ਨਾਲ

ਉਡਣਾ ਨਹੀਂ ਆਉਂਦਾ!

ਬਰਸਾਤੀ ਬਾਰਸ਼ਾਂ ’ਚ ਬੇਬਾਕ

ਨਹਾਉਣਾ ਨਹੀਂ ਭਾਉਂਦਾ!

ਅਲਮਸਤ ਬੱਚਿਆਂ ਵਾਂਗ

ਖੇਡਦਿਆਂ ਉਡਦਾ ਘੱਟਾ ਖਾਣਾ

ਨਹੀਂ ਆਉਂਦਾ!

ਕਿਉਂਕਿ ਹੁਣ ਮੈਂ ਕੁਦਰਤ ਦੇ

ਇਨ੍ਹਾਂ ਰੰਗਾਂ ਤੋਂ ਬੇਇਮਾਨ ਹਾਂ!

ਕਦੇ ਫੁੱਲ, ਬੂਟੇ ਤੇ ਪੰਛੀ

ਮੇਰੇ ਮਿੱਤਰ ਸਨ

ਮੇਰਾ ਪਰਵਾਰ ਸਨ

ਮੇਰੇ ਜੀਵਨ ਦਾ ਸਰੋਕਾਰ ਸਨ

ਪਰ ਹੁਣ, ਮੈਂ ਬਿਲਕੁਲ ਅਨਜਾਣ ਹਾਂ

ਸ਼ਾਇਦ ਇਸੇ ਲਈ ਪ੍ਰੇਸ਼ਾਨ ਹਾਂ!

ਮੈਂ, ਤੇ ਮੇਰਾ ਵਾਤਾਵਰਣ

ਕਦੇ ਇੱਕ ਸਾਂ

ਇਕ ਦੂਜੇ ਪ੍ਰਤੀ, ਰਖਦੇ ਨਿੱਘੀ ਸਿੱਕ ਸਾਂ!

ਬੇਸ਼ਕ ਝੁੱਗੀਆਂ ਦੇ ਵਾਸੀ ਸਾਂ

ਖਾਨਾਬਦੋਸ਼ ਸਾਂ, ਪ੍ਰਵਾਸੀ ਸਾਂ

ਪਰ ਮਹਾਨ ਸਾਂ,

ਗਿਆਨਵਾਨ ਸਾਂ

ਤੇ ਦਇਆਵਾਨ ਵੀ ਸਾਂ

ਹਾਂ! ਅੱਜ ਕੰਨਕਰੀਟ ਜੰਗਲ ਦੇ

ਗੈਰ ਕੁਦਰਤੀ ਪ੍ਰਾਣੀ ਹਾਂ

ਕਹਿੰਦੇ ਕਹਾਉਂਦੇ, ਵਕਤਾਂ ਦੇ ਹਾਣੀ ਹਾਂ

ਧੰਨਵਾਨ ਹਾਂ,  ਸਭ ਕੁਝ ਹਾਂ

ਪਰ ਸੱਚ ਜਾਣਿਉ

ਸ਼ੈਤਾਨ ਹਾਂ, ਹੈਵਾਨ ਹਾਂ

ਬੇਇਮਾਨ ਹਾਂ

ਤੇ ਨਾਸਵਾਨ ਭੀ ਹਾਂ...

📝 ਸੋਧ ਲਈ ਭੇਜੋ