ਜਦ ਮੈਂ ਉਸਦੇ ਵਿਹੜੇ

ਜਦ ਮੈਂ ਉਸਦੇ ਵਿਹੜੇ ਆਇਆ 

ਵੇਖਕੇ ਮੈਨੂੰ ਉਹ ਮੁਸਕਾਇਆ । 

ਮਦ ਭਿੰਨੇ ਨੈਣਾਂ ਦੇ ਵਿਚੋਂ 

ਜਾਮ ਲੁੜ੍ਹਾਂਦਾ ਉਹ ਨਾ ਥਕਿਆ 

ਤੇ ਮੈਂ ਪੀਂਦਾ ਥਕਦਾ ਕਿੱਦਾਂ

ਤੋਟ ਕਿਵੇਂ ਜਾਂਦੀ ਮੈਨੂੰ

ਜਾਮ ਫੜਾਈ ਜਾਵੇ ਉਹ ਵੀ 

ਮੈਂ ਵੀ ਗਟ ਗਟ ਪੀਂਦਾ ਜਾਵਾਂ । 

ਹੋਰ ਤਿਹਾਇਆ ਥੀਂਦਾ ਜਾਵਾਂ । 

ਜਾਮ ਨਾ ਮੁਕਣ ਉਹਦੇ ਓਧਰ 

ਮੈਂ ਰੱਜਾਂ ਪੀਂਦਾ ਏਧਰ 

ਮੇਰਾ ਅੰਗ ਅੰਗ ਨਸ਼ਿਆਇਆ 

ਜਦ ਮੈਂ ਉਸਦੇ ਵਿਹੜੇ ਆਇਆ

ਜਦ ਮੈਂ ਉਸਦੇ ਵਿਹੜੇ ਆਇਆ 

ਵੇਖਕੇ ਮੈਨੂੰ ਉਹ ਮੁਸਕਾਇਆ । 

ਮੈਨੂੰ ਬਾਂਹ ਤੋਂ ਫੜਕੇ ਤਾਂ ਉਹ, 

ਵਿਹੜੇ ਦੇ ਵਿਚਕਾਰ ਲਿਆਇਆ। 

ਮਸਤੀ ਵਿਚ ਉਹ ਨੱਚੇ ਏਦਾਂ, 

ਜੀਕੂੰ ਮੋਰ ਕੋਈ ਖੁਸ਼ ਹੋ ਕੇ 

ਅਪਣੇ ਖੰਭ ਖਿਲਾਰ ਕੇ ਨੱਚੇ । 

ਚਿਤਰੇ-ਮਿਤਰੇ ਖੰਭ ਓਸਦੇ 

ਡੱਬ-ਖੜੱਬੇ ਇਸਦੇ ਕਪੜੇ 

ਮੇਰੀਆਂ ਨਜ਼ਰਾਂ ਨੂੰ ਇਕ ਲੱਗਣ

ਉਸਦਾ ਨਾਚ ਬੜਾ ਹੀ ਸੁਹਣਾ

ਏਧਰ ਗੇੜਾ ਓਧਰ ਗੇੜਾ

ਗਿਠ ਗਿਠ ਲਾਲੀ ਚੜ੍ਹ ਚੜ੍ਹ ਜਾਵੇ । 

ਮੇਰੇ ਦਿਲ ਨੂੰ ਬਹੁਤ ਹੀ ਭਾਵੇ

ਮੇਰੀ ਰਗ ਰਗ ਫਰਕਣ ਲੱਗੀ 

ਅੱਡੀ ਉਸਦੀ ਉਠਦੀ ਵੇਖੀ । 

ਮੇਰੀ ਅੱਡੀ ਵੀ ਉਸ ਵੇਲੇ 

ਆਪ-ਮੁਹਾਰੀ ਉੱਠੀ ਏਕਣ, 

ਜੀਕਣ ਕੋਈ ਨਚਦਾ ਹੋਵੇ । 

ਜੀਕਣ ਭੰਗੜਾ ਪੈਂਦਾ ਹੋਵੇ 

ਉਸਦਾ ਨਾਚ ਓਧਰੋਂ ਹੁੰਦਾ 

ਮੇਰਾ ਭੰਗੜਾ ਇਧਰੋਂ ਪੈਂਦਾ 

ਨਚਦੇ ਨਚਦੇ ਨੇੜੇ ਹੋਏ, 

ਅਖੀਆਂ ਦੇ ਵਿਚ ਅਖੀਆਂ ਮਿਲੀਆਂ। 

ਚਾਰ ਹੋਣ ਤੇ ਵੀ ਇਕ ਹੋਈਆਂ। 

ਨਾਚ ਅਤੇ ਭੰਗੜਾ ਦੋਵੇਂ ਹੀ 

ਇਕਮਿਕ ਹੋਏ, ਇਕਮਿਕ ਹੋਏ। 

ਸਾਹ ਮਿਲੇ ਅਖੀਆਂ ਦੇ ਵਾਂਗੂੰ । 

ਥਰਕਣ ਲੱਤਾਂ ਫ਼ਰਕਣ ਬਾਹਾਂ 

ਗਲ-ਵਕੜੀ ਜਿਉਂ ਆਪ-ਮੁਹਾਰੀ 

ਪੈ ਜਾਂਦੀ ਦੋ ਸੱਜਣਾਂ ਦੀ । 

ਹਾਲਤ ਇਹ ਹੋਈ ਕਿ ਦੋ ਦਿਲ 

ਧੜਕਣ ਰਾਹੀਂ ਇੱਕੋ ਹੋਏ, 

ਨਾਚ ਅਗੰਮੀ ਏਦਾਂ ਹੋਇਆ। 

ਜਿਸ ਨੇ ਦਿਲ ਮੇਰਾ ਹੁਲਸਾਇਆ 

ਜਦ ਮੈਂ ਉਸਦੇ ਵਿਹੜੇ ਆਇਆ

ਜਦ ਮੈਂ ਉਸਦੇ ਵਿਹੜੇ ਆਇਆ 

ਮੈਨੂੰ ਵੇਖ ਕੇ ਉਹ ਮੁਸਕਾਇਆ। 

ਉਹ ਵੀ ਬੋਲੇ ਮੈਂ ਵੀ ਬੋਲਾਂ, 

ਉਸਦੀ ਬੋਲੀ ਮੈਂ ਨਾ ਸਮਝਾਂ 

ਮੇਰੀ ਬੋਲੀ ਉਹ ਨਾ ਸਮਝੇ । 

ਐਪਰ ਫਿਰ ਭੀ ਬੋਲੀ ਜਾਈਏ

ਭਾਵ ਦਿਲਾਂ ਦੇ ਖੋਲ੍ਹੀ ਜਾਈਏ । 

ਇਉਂ ਭਾਸੇ ਜਿਉਂ ਧੜਕਣ ਮੇਰੀ 

ਬੋਲੀ ਉਸਦੀ ਸਮਝ ਗਈ ਹੈ 

ਉਸਦੀ ਧੜਕਣ ਦੀ ਬੋਲੀ ਨੂੰ 

ਪੰਦਰਾਂ ਅੰਗ ਉਹਦੇ ਜਦ ਬੋਲਣ, 

ਅਪਣੀ ਅਪਣੀ ਬੋਲੀ ਸੁਹਣੀ 

ਸਮਝੀ ਜਾਵੇ ਉਹ ਏਨ੍ਹਾਂ ਨੂੰ

ਮੈਂ ਵੀ ਏਦਾਂ ਸਮਝੀ ਜਾਵਾਂ, 

ਪੰਦਰਾਂ ਅੰਗਾਂ ਦੀ ਇਕ ਹੋਈ 

ਸੁਹਣੀ ਸੁਹਣੀ ਇਸ ਬੋਲੀ ਨੂੰ । 

ਉਹ ਵੀ ਮੇਰੇ ਦਿਲ ਦੀ ਧੜਕਣ 

ਦੀ ਬੋਲੀ ਨੂੰ ਸਮਝੀ ਜਾਵੇ । 

ਕਿਉਂ ਨਾ ਹੋਵੇ, ਪਿਆਰ ਦੀ ਬੋਲੀ 

ਹਰ ਇਕ ਸਮਝੇ ਤੇ ਨਾ ਉੱਕੇ

ਦਿਲ ਦੀ ਬੋਲੀ, ਅਖ ਦੀ ਬੋਲੀ 

ਪਿਆਰ ਦੀ ਬੋਲੀ ਬਣ ਜਾਂਦੀ ਹੈ। 

ਪਿਆਰ ਦੀ ਕਿਸ ਨੂੰ ਸਮਝ ਨਹੀਂ ਹੈ

ਪਿਆਰ ਜਦੋਂ ਅਖੀਆਂ ਚੋਂ ਬੋਲੇ 

ਤੇ ਦਿਲ ਦੀ ਧੜਕਣ ਤੋਂ ਉਗਵੇ 

ਮਿਟ ਜਾਂਦੇ ਨੇ ਭੇਦ ਤਦੋਂ ਸਭ 

ਭਾਸ਼ਾ ਇਕੋ ਹੋ ਜਾਂਦੀ ਹੈ,

ਮਾਨਵਤਾ ਦੇ ਰੁਸੀਆਂ ਦੀ ਤੇ 

ਪਿਆਰ 'ਚ ਮਤੇ ਹਸਮੁਖਿਆਂ ਦੀ । 

ਏਦਾਂ ਇਕੋ ਬੋਲੀ ਬੋਲੇ, 

ਮੈਂ ਤੇ ਮੇਰਾ ‘ਤਵਾਰਿਸ਼’-ਸਾਥੀ 

ਲੁਤਫ ਆਇਆ ਦੋਹਾਂ ਨੂੰ ਹੀ ਬਸ 

ਮੈਂ ਉਹਨੂੰ ਉਹ ਮੈਨੂੰ ਭਾਇਆ, 

ਜਦ ਮੈਂ ਉਸਦੇ ਵਿਹੜੇ ਆਇਆ

ਜਦ ਮੈਂ ਉਸਦੇ ਵਿਹੜੇ ਆਇਆ, 

ਮੈਨੂੰ ਵੇਖਕੇ ਉਹ ਮੁਸਕਾਇਆ।

ਕੋਈ ਅੰਗ ਬੜਾ ਹੀ ਗੋਰਾ 

ਚਿੱਟਾ ਚਿੱਟਾ ਹਿਮ ਵਰਗਾ ਤੇ

ਸੀਤਲ ਵੀ ਓਦਾਂ ਦਾ ਲੱਗੇ । 

ਉਸਦੇ ਹੇਠਾਂ ਪਰ ਦਿਲ ਦਿਸਿਆ 

ਪਿਆਰ ਦੀ ਗਰਮੀ ਨਾਲ ਧੜਕਦਾ । 

ਹਰ ਅੰਗ ਅੰਦਰ ਇਕ ਦਿਲ ਧੜਕੇ, 

ਹਰ ਰੰਗ ਇਕੋ ਹੀ ਭਾਅ ਮਾਰੇ

ਅੰਗ ਕਈ ਨੇ ਦਿਲ ਵੀ ਓਨੇ 

ਪਰ ਸਾਂਝੀ ਧੜਕਣ ਨੇ ਇਹ ਦਿਲ 

ਇਕੋ ਦਿਲ ਦਾ ਰੂਪ ਬਣਾਏ । 

ਰੰਗ ਕਈ ਨੇ ਵੇਖਣ ਦੇ ਵਿਚ 

ਚਿੱਟਾ ਵਿਚਲਾ ਗੰਦਮ ਵਰਗਾ

ਇਹ ਵੀ ਘੁਲਮਿਲ ਇਕੋ ਹੋਏ। 

ਭੇਦ ਮਿਟਾ ਕੇ ਅਪਣੇ ਸਾਰੇ 

ਸਾਰੇ ਇਕੋ ਹੀ ਭਾਅ ਮਾਰਨ

ਏਕਾ ਖ਼ੂਬ ਅਨੇਕਾਂ ਦਾ ਇਹ 

ਏਥੇ ਡਿੱਠਾ ਪਰਗਟ ਹੋਇਆ। 

ਇਕ ਜਾਦੂ ਛਾਇਆ ਮੇਰੇ ਤੇ 

ਪਲਟੀ ਦੇਖੀ ਅਪਣੀ ਕਾਇਆ 

ਜਦ ਮੈਂ ਉਸਦੇ ਵਿਹੜੇ ਆਇਆ 

ਜਦ ਮੈਂ ਉਸਦੇ ਵਿਹੜੇ ਆਇਆ। 

ਮੈਨੂੰ ਵੇਖ ਕੇ ਉਹ ਮੁਸਕਾਇਆ

📝 ਸੋਧ ਲਈ ਭੇਜੋ