ਜਦ ਮੈਥੋਂ ਸ਼ਰਮਾਂਦੇ ਹੋ

ਜਦ ਮੈਥੋਂ ਸ਼ਰਮਾਂਦੇ ਹੋ 

ਖ਼ਾਬਾਂ ਵਿਚ ਕਿਉਂ ਆਂਦੇ ਹੋ ?

ਪਹਿਲਾਂ ਝਲਕ ਵਖਾਂਦੇ ਹੋ 

ਪਿੱਛੇ ਫੇਰ ਫਿਰਾਂਦੇ ਹੋ

ਮੁਖ ਤੇ ਪਰਦਾ ਪਾਂਦੇ ਹੋ 

ਕਿੰਨਾ ਨੇਰ੍ਹ ਮਚਾਂਦੇ ਹੋ

ਜਦ ਮੈਥੋਂ ਸ਼ਰਮਾਂਦੇ ਹੋ ... ...

ਦਿਲ ਵਿਚ ਖਿੱਚਾਂ ਪਾਂਦੇ ਹੋ 

ਕੰਨੀ ਵੀ ਕਤਰਾਂਦੇ ਹੋ 

ਨਾਲੇ ਪਿਆਰ ਵਧਾਂਦੇ ਹੋ 

ਨਾਲੇ ਲਾਰੇ ਲਾਂਦੇ ਹੋ

ਜਦ ਮੈਥੋਂ ਸ਼ਰਮਾਂਦੇ ਹੋ ......

ਪਹਿਲਾਂ ਹਸਦੇ ਤੁਸਦੇ ਹੋ 

ਫੇਰ ਅਚਾਨਕ ਰੁਸਦੇ ਹੋ 

ਇਸਦੇ ਹੋ ਨਾ ਉਸਦੇ ਹੋ 

ਸਜਨੋ ! ਆਪ ਕਿਨ੍ਹਾਂ ਦੇ ਹੋ

ਜਦ ਮੈਥੋਂ ਸ਼ਰਮਾਂਦੇ ਹੋ......

ਨਾਂ ਵੀ ਹੈ ਤੇ ਹਾਂ ਵੀ ਹੈ 

ਧੁੱਪ ਵੀ ਹੈ ਤੇ ਛਾਂ ਵੀ ਹੈ 

ਦਿਲ ਦੇ ਅੰਦਰ ਥਾਂ ਵੀ ਹੈ 

ਫਿਰ ਵੀ ਕਿਉਂ ਭੁਚਲਾਂਦੇ ਹੋ 

ਜਦ ਮੈਥੋਂ ਸ਼ਰਮਾਂਦੇ ਹੋ......

ਮਨ ਮੰਦਰ ਵਿਚ ਬਹਿ ਕੇ ਵੀ 

ਦੂਰ ਅਖੀਆਂ ਤੋਂ ਰਹਿ ਕੇ ਵੀ 

ਮੈਨੂੰ ਦੁਸ਼ਮਣ ਕਹਿ ਕੇ ਵੀ 

ਨੇੜੇ ਹੁੰਦੇ ਜਾਂਦੇ ਹੋ

ਜਦ ਮੈਥੋਂ ਸ਼ਰਮਾਂਦੇ ਹੋ ....

📝 ਸੋਧ ਲਈ ਭੇਜੋ