ਜਦ ਮੁਸੀਬਤ 'ਚ ਮੈਂ ਵੇਖਿਆ ਗੈਰ ਨੂੰ
ਉਸਦੇ ਗ਼ਮ ਨਾਲ ਮੈਨੂੰ ਗ਼ਮੀ ਹੋ ਗਈ
ਇਹ ਕਰਿਸ਼ਮਾ ਮੁਹੱਬਤ ਦਾ ਮੈਂ ਵੇਖਿਆ
ਦੁਸ਼ਮਣੀ ਜੋ ਸੀ ਉਹ ਦੋਸਤੀ ਹੋ ਗਈ।
ਝੁਲ ਗਈ ਇਹ ਜ਼ਮਾਨੇ 'ਚ ਕੈਸੀ ਹਵਾ
ਦੋਸਤੀ ਉੜ ਗਈ ਬਦਲੀਆਂ ਦੀ ਤਰਾਂ
ਜਿਹੜੀ ਯਾਰੀ ਨੂੰ ਸਮਝੇ ਸੀ ਦਾਇਮ ਅਸੀਂ
ਵੇਖਦੇ ਵੇਖਦੇ ਮੌਸਮੀ ਹੋ ਗਈ ।
ਜੀ ਰਿਹਾ ਸਾਂ ਵਿਛੋੜੇ 'ਚ ਮਰ ਮਰ ਕੇ ਮੈਂ
ਜ਼ਿੰਦਗੀ ਮੌਤ ਸੀ ਮੈਨੂੰ ਤੇਰੇ ਬਿਨਾ
ਮੈਨੂੰ ਮਹਿਸੂਸ ਹੋਇਆ ਤਿਰੇ ਆਉਣ ਤੇ
ਜ਼ਿੰਦਗੀ ਹੁਣ ਮਿਰੀ ਜ਼ਿੰਦਗੀ ਹੋ ਗਈ ।
ਸਰਦ ਆਹਾਂ ਅਤੇ ਗਰਮ ਹੰਝੂਆਂ ਸਣੇ
ਗੀਤ ਲਿਖਦਾ ਹਾਂ ਤੇਰੇ ਵਿਛੋੜੇ ਦੇ ਮੈਂ
ਇਹ ਨਤੀਜਾ ਤਿਰੇ ਸੋਗ ਦਾ ਵੇਖਿਆ
ਸ਼ਾਇਰੀ ਵੀ ਮਿਰੀ ਮਾਤਮੀ ਹੋ ਗਈ।
ਇਕ ਛਲਾਵਾ ਵੀ ਹੈ ਭੋਲੀ ਸੂਰਤ ਤਿਰੀ
ਇਹ ਹਸਾਂਦੀ ਵੀ ਹੈ, ਇਹ ਰੁਆਂਦੀ ਵੀ ਹੈ
ਤੇਰੀ ਸੀਰਤ ਨੂੰ ਸਮਝਾਂ ਤੇ ਸਮਝਾਂ ਮੈਂ ਕੀ
ਇਹ ਤੇ ਮੇਰੇ ਲਈ ਫ਼ਾਰਸੀ ਹੋ ਗਈ।
ਸਾਡੇ ਦਿਲ ਵਿਚ ਨ ਬਾਕੀ ਰਕ਼ਾਬਤ ਰਹੀ
ਤੇਰੇ ਨਾਂ ਦਾ ਇਹ ਜਾਦੂ ਅਸਾਂ ਵੇਖਿਆ
ਗ਼ੈਰ ਨੇ ਵੀ ਤਿਰਾ ਨਾਂ ਲਿਆ ਜੇ ਕਦੇ
ਸਾਡੀ ਉਸ ਨਾਲ ਵੀ ਦੋਸਤੀ ਹੋ ਗਈ।
ਤੂਰ ਤੇ ਜਾਣ ਦੀ ਲੋੜ ਸਾਨੂੰ ਨਹੀਂ
ਤੂਰ ਤੇ ਆਣ ਦੀ ਲੋੜ ਤੈਨੂੰ ਨਹੀਂ
ਮੇਰੇ ਦਿਲ ਵਿਚ ਜਦੋਂ ਦਾ ਤੂੰ ਘਰ ਕਰ ਲਿਆ
ਮੇਰੇ ਦਿਲ ਵਿਚ ਬੜੀ ਰੌਸ਼ਨੀ ਹੋ ਗਈ ।
ਤੇਰਾ ਇਕਰਾਰ ਵੀ ਤੇਰਾ ਇਨਕਾਰ ਹੈ
ਤੇਰਾ ਇਨਕਾਰ ਵੀ ਤੇਰਾ ਇਕਰਾਰ ਹੈ
ਰੰਗ ਇਸ ਵਿਚ ਸਿਆਸਤ ਦਾ ਕਿਉਂ ਆ ਗਇਆ ?
ਦੋਸਤਾ ਦੋਸਤੀ ਤੇਰੀ ਕੀ ਹੋ ਗਈ ?
ਮੈਅ ਸੁਰਾਹੀ ਦੀ ਹੂਰਾਂ-ਪਰੀ ਬਣ ਗਈ
ਉਸਦੀਆਂ ਮਸਤ ਅਖੀਆਂ ਨੇ ਜਦ ਵੇਖਿਆ
ਰੰਗ ਕੁਝ ਹੋਰ ਦਾ ਹੋਰ ਹੀ ਹੋ ਗਇਆ
ਇਹ ਵੀ ‘ਹਮਦਰਦ' ਜਾਦੂਗਰੀ ਹੋ ਗਈ ।