ਜਦ ਤੱਕ ਰਾਹੀਆਂ ਨੇ ਨਹੀਂ ਕਰਨੀ, ਕੋਈ ਸੂਰਤ ਏਕੇ ਦੀ

ਜਦ ਤੱਕ ਰਾਹੀਆਂ ਨੇ ਨਹੀਂ ਕਰਨੀ, ਕੋਈ ਸੂਰਤ ਏਕੇ ਦੀ ।

ਉਦੋਂ ਤੀਕਰ ਜੁੜ ਨਹੀਂ ਸਕਣੀ, ਕੰਧ ਕੋਈ ਵੀ ਰਿਸ਼ਤੇ ਦੀ ।

ਜਿੱਥੇ ਜ਼ੁਲਮ ਰਵਾਇਅਤ ਬਣ ਜਾਏ, ਸਦਾ ਈ ਰਾਤ ਹਨ੍ਹੇਰੀ ਰਹੇ,

ਰਾਖੇ ਹੀ ਜੇ ਸੰਨਾਂ ਲਾਵਣ, ਕਾਹਦੀ ਗੱਲ ਉਲਾਹਮੇਂ ਦੀ ।

ਆਪਣੇ ਪਿੳੇੁ ਦੇ ਮਗਰੋਂ ਆਪਣਾ ਬਚਪਨ ਕੀਕਣ ਕੱਟਿਆ ਸੀ,

ਮੈਨੂੰ ਕੀ ਕੁੱਝ ਯਾਦ ਕਰਾ ਗਈ, ਇਹ ਗੱਲ ਆਪਣੇ ਬੱਚੇ ਦੀ ।

ਅੱਜ ਵਿਛੜਣ ਦੀ ਸਾਲ ਗਿਰਾ ਏ, ਵਾਏ ਵਿਛੜਣ ਵਾਲੇ ਨੂੰ,

ਲੀਰ ਕੌਈ ਜਾਂ ਤੋਹਫ਼ਾ ਦੇਵੀ, ਸਾਡੇ ਪਾਟੇ ਗਲਮੇਂ ਦੀ ।

ਕੱਲਰ ਖਾਧੀ ਧਰਤੀ 'ਆਤਿਫ਼' ਕਰਮਾਂ ਮਾਰੇ ਬੰਦੇ ਨੇ,

ਇਸ ਤੋਂ ਵੱਧ ਬਦ-ਬਖ਼ਤੀ ਹੋਸੀ, ਕੀ ਪੰਜਾਬ ਦੇ ਖਿੱਤੇ ਦੀ ।

📝 ਸੋਧ ਲਈ ਭੇਜੋ