ਜਦ ਤੀਕਣ ਉਹ ਬੈਠੇ ਮੇਰੇ ਕੋਲ ਰਹੇ

ਜਦ ਤੀਕਣ ਉਹ ਬੈਠੇ ਮੇਰੇ ਕੋਲ ਰਹੇ । 

ਸਭ ਨੂੰ ਮਿੱਠੇ ਲਗਦੇ ਮੇਰੇ ਬੋਲ ਰਹੇ । 

ਅਪਣੀ-ਅਪਣੀ ਪਿੱਠ ਤੇ ਲਿਖਕੇ ਅਪਣਾ ਨਾਂ , 

ਭੀੜਾਂ ਅੰਦਰ ਲੋਕੀ ਆਪਾ ਟੋਲ ਰਹੇ । 

ਦੀਵਾਰਾਂ ਤੋਂ ਲਿਖਿਆ ਹੋਇਆ ਪੜ੍ਹਦੇ ਨਾ , 

ਲੋਕੀ ਬੱਸ ! ਐਵੇਂ ਅਖ਼ਬਾਰਾਂ ਫੋਲ ਰਹੇ । 

ਮੈਂ ਅੰਬਰ 'ਚੋਂ ਲੱਭਾਂ 'ਤੇ ਉਹ ਧਰਤੀ `ਚੋਂ , 

ਮੈਂ ਤੇ ਮੇਰਾ ਸਾਇਆ ਹਾਂ ਕੁਛ ਟੋਲ ਰਹੇ ।

ਨਵ-ਸੂਰਜ ਨੂੰ ਆਖਣ ਖ਼ਾਤਰ 'ਜੀ ਆਇਆਂ', 

ਪਿੰਜਰਿਆਂ ਦੇ ਪੰਛੀ ਵੀ ਪਰ ਤੋਲ ਰਹੇ । 

ਔੜਾਂ-ਮਾਰੀ ਧਰਤੀ 'ਤੇ ਨਾ ਬੂੰਦ ਪਈ , 

ਰਾਤੀਂ ਬੱਦਲ ਕਰਦੇ ਟਾਲ-ਮਟੋਲ ਰਹੇ ।

ਉਹ ਕੀ ਜਾਨਣਗੇ ਅੰਦਰ ਦੇ ਗੁਣ-ਔਗੁਣ ? 

ਜੋ ਪੁਸਤਕ ਨੂੰ ਰੈਪਰ ਤੋਂ ਪੜਚੋਲ ਰਹੇ । 

ਰਾਤੋ-ਰਾਤ ਤਰੱਕੀ ਕਰਦੇ ਲੋਕ ਕਿਵੇਂ ? 

ਸ਼ਾਇਰ-ਲੋਕੀਂ ਇਸ ਬਾਰੇ ਅਨਭੋਲ ਰਹੇ ।

ਆਪਣੀ ਬੇੜੀ ਦੀ ਕੀ ਦੱਸੇ 'ਇਕਵਿੰਦਰ' , 

ਕੰਢੇ ਲਗਣ ਤੀਕਣ ਡਾਵਾਂ-ਡੋਲ ਰਹੇ ।

📝 ਸੋਧ ਲਈ ਭੇਜੋ