ਜਦ ਵੀ ਅਪਣੇ ਪਾਸੇ ਚਾਰੇ ਵੇਖੇ ਨੇ
ਦੂਰ ਦੂਰ ਤੱਕ ਪਏ ਖਲਾਰੇ ਵੇਖੇ ਨੇ
ਮੇਰੀ ਅੱਖ ਚੋਂ ਹੰਝੂ ਡਿੱਗਿਆ ਖੁਸ਼ੀਆਂ ਦਾ
ਜਦ ਵੀ ਹੱਸਦੇ ਗ਼ਮ ਦੇ ਮਾਰੇ ਵੇਖੇ ਨੇ
ਮੰਜ਼ਿਲ ਜਿੱਤੀ ਉਨ੍ਹਾਂ ਜ਼ਖਮੀ ਪੈਰਾਂ ਨਾਲ
ਬੰਦੇ ਜਿਹੜੇ ਦਿਲ ਨਈ ਹਾਰੇ, ਵੇਖੇ ਨੇ
ਜਿੰਨਾਂ ਦਾ ਅਪਣਾ ਹਾਲੇ ਕੁਝ ਬਣਿਆ ਨਈ
ਉਹ ਮੇਰੇ ਲਈ ਬਣੇ ਸਹਾਰੇ ਵੇਖੇ ਨੇ
ਮਾਂ ਦੇ ਨੈਣਾਂ ਵਰਗਾ ਚਾਨਣ ਲੱਭਿਆ ਨਈ
ਹਾਂ ਮੈਂ ਲੱਖਾਂ ਜਗਦੇ ਤਾਰੇ ਵੇਖੇ ਨੇ