ਜਦ ਵੀ ਬੰਜਰ ਧਰਤੀ ਉੱਤੇ ਹਿੰਮਤ ਨਾਲ

ਜਦ ਵੀ ਬੰਜਰ ਧਰਤੀ ਉੱਤੇ ਹਿੰਮਤ ਨਾਲ ਉਸਾਰੇ ਪਿੰਡ ।

ਬੂਹੇ ਲਾਏ ਅਣਖਾਂ ਜੜੀਆਂ ਸੱਧਰਾਂ ਨਾਲ ਸ਼ਿੰਗਾਰੇ ਪਿੰਡ ।

ਜਿਹੜਾ ਜੱਗ ਦੇ ਡਰ ਤੋਂ ਮੈਨੂੰ ਰੱਬ ਰਾਖਾ ਨਾ ਕਹਿ ਸਕਿਆ,

ਰੱਬ ਕਰੇ ਉਹ ਸਾਰੀਆਂ ਛੁੱਟੀਆਂ ਖ਼ੁਸ਼ੀਆਂ ਨਾਲ ਗੁਜ਼ਾਰੇ ਪਿੰਡ ।

ਯਾਦ ਆ ਜਾਵੇ ਤਾਂ ਉਹ ਸੁੰਨੀਆਂ ਸੜਕਾਂ ਦੇ ਵਲ ਨਿੱਕਲ ਜਾਣ,

ਰੁੱਖਾਂ ਤੇ ਫ਼ਸਲਾਂ ਨਾਲ ਸਜਿਆ ਤੇਰਾ ਨਹਿਰ ਕਿਨਾਰੇ ਪਿੰਡ ।

ਸੋਹਣੇ ਲੱਗਦੇ ਮਾਂ ਬੋਲੀ ਦੀ ਸੇਵਾ ਦੇ ਵਿਚ ਰੁੱਝੇ ਉਹ,

ਰਹਿਤਲ, ਰੀਤਾਂ, ਰਸਮਾਂ ਸਾਂਗੇ ਮੇਰੇ ਦੇਸ ਦੇ ਸਾਰੇ ਪਿੰਡ ।

ਸ਼ਹਿਰਾਂ ਵਿਚ ਤਰੱਕੀ ਕਰ ਲਈ 'ਆਤਿਫ਼' ਇੰਗਲਿਸ਼ ਖੇਡਾਂ ਨੇ,

ਲੁੱਕਣ ਮੀਟੀ, ਜੰਗ ਪਲੰਗਾ ਰਹਿ ਗਏ ਪੀਂਘ ਹੁਲਾਰੇ ਪਿੰਡ ।

📝 ਸੋਧ ਲਈ ਭੇਜੋ