ਜਦ ਵੀ ਨ੍ਹੇਰੇ ਨਾਲ ਇਹ ਚਾਨਣ ਲੜਦਾ ਹੈ
ਮੁਕ ਜਾਂਦੀ ਹੈ ਰਾਤ ਸਵੇਰਾ ਚੜ੍ਹਦਾ ਹੈ
ਜਦ ਵੀ ਤਿਤਲੀ ਬਣਕੇ ਉੱਡਦਾ ਹੈ ਸੁਪਨਾ
ਦਿਲ ਵੀ ਬੱਚਾ ਬਣਕੇ ਉਸਨੂੰ ਫੜਦਾ ਹੈ
ਅੰਬਰ ਛਾਪੇ ਰੋਜ਼ ਰਾਤ ਅਖ਼ਬਾਰ ਨਵਾਂ
ਰੋਜ਼ ਰਾਤ ਹਰ ਆਸ਼ਿਕ ਜਿਸਨੂੰ ਪੜ੍ਹਦਾ ਹੈ
ਫੇਰ ਹਵਾ ਹੀ ਸਮਝੋ ਲਿਖੇ ਨਸੀਬ ਉਦ੍ਹਾ
ਜਦ ਵੀ ਪੱਤਾ ਡਾਲੀ ਨਾਲੋਂ ਝੜਦਾ ਹੈ
ਸੋਚਾਂ ਇੰਜ ਲਿਖਾਂ ਨਾਂ ਤੇਰਾ ਅੰਬਰ 'ਤੇ
ਜਿਵੇਂ ਸੁਨਾਰਾ ਕੋਕੇ ਵਿਚ ਨਗ ਜੜਦਾ ਹੈ
ਤੁਰਨਾ ਡਾਹਢਾ ਔਖਾ ਹੁੰਦਾ ਉਸ ਵੇਲੇ
ਜਦ ਪਰਛਾਵਾਂ ਪੈਰਾਂ ਦੇ ਵਿਚ ਅੜਦਾ ਹੈ