ਡਾਲਰ ਵੱਢ ਵੱਢ ਖਾਂਦੇ ਸੋਨਾ ਚਾਂਦੀ ਨਾ ਫਿਰ ਭਾਵੇ।
ਵਿੱਚ ਪਰਦੇਸੀ ਬੈਠੇ ਨੂੰ ਜਦ ਯਾਦ ਵਤਨ ਦੀ ਆਵੇ।
ਵਿੱਚ ਪਰਦੇਸੀਂ..........
ਬੀਅਰ ਬਾਰ ਵਿੱਚ ਯਾਦ ਆਉਦੀਆਂ ਨੇ ਪਿੱਪਲਾਂ ਦੀਆਂ ਛਾਵਾਂ।
ਆਪ ਬਣਾਈਏ ਰੋਟੀ ਉਦੋਂ ਚੇਤੇ ਆਵਣ ਮਾਵਾਂ।
ਸੱਥ ਦਾ ਉਠੇ ਹੌਲ ਤਾਂ ਬੰਦਾ ਵਿੱਚ ਕਲੱਬਾਂ ਜਾਵੇ।
ਵਿੱਚ ਪਰਦੇਸੀ.......
ਯਾਦ ਵਤਨ ਦੀ ਬਰਛੀ ਬਣਕੇ ਸੀਨੇ ਦੇ ਵਿੱਚ ਲੱਗੇ।
ਸ਼ਰਮ ਹਯਾ ਉਹ ਵਤਨਾਂ ਵਾਲੀ ਇੱਥੇ ਕਿੱਥੋ ਲੱਭੇ।
ਸੋਹਣੀ ਸੱਸੀ ਹੀਰ ਭਲਾ ਕੋਈ ਮੇਮ ਕਿਵੇ ਬਣ ਜਾਵੇ।
ਵਿੱਚ ਪਰਦੇਸੀ.........
ਰਿਸ਼ਵਤਖੋਰੀ ਬੇਰੁਜਗਾਰੀ ਦੇਸ਼ ਮੇਰੇ ਵਿੱਚ ਰਹਿ ਗਈ।
ਚੜ੍ਹੀ ਜਵਾਨੀ ਬੇਵੱਸ ਹੋ ਕੇ ਵਿੱਚ ਜਹਾਜ਼ਾਂ ਬਹਿ ਗਈ।
ਵਿਲਕਦੀਆਂ ਮਾਵਾਂ ਨੂੰ ਪਿੱਛੇ ਕਿਹੜਾ ਭਲਾ ਵਰਾਵੇ।
ਵਿੱਚ ਪਰਦੇਸੀ.........
ਪੰਜ ਦਰਿਆਵਾਂ ਦੀ ਇਹ ਧਰਤੀ ਗੁਰੂਆਂ ਪੀਰਾਂ ਵਾਲੀ।
ਛੱਡਣ ਇਸਦੇ ਪੁੱਤਰ ਇਸਨੂੰ ਇੱਕ ਦੂਜੇ ਤੋਂ ਕਾਹਲੀ
ਗੱਗੜ ਮਾਜਰੇ ਵਾਲਾ ਇਸਦੇ ਦੁੱਖੜੇ ਪਿਆ ਸੁਣਾਵੇ।
ਵਿੱਚ ਪਰਦੇਸੀ...........