ਜਦੋਂ ਤਲੀਆਂ ਤੇ ਮਹਿੰਦੀ ਲਾ

ਜਦੋਂ ਤਲੀਆਂ ਤੇ ਮਹਿੰਦੀ ਲਾ ਕੇ ਪੱਤਝੜ ਗਈ ਸ਼ੁਹਦੀ। 

ਨਿਪੱਤਰੇ ਬਿਰਖ ਨੂੰ ਕਿੰਨੇ ਭੁਲੇਖੇ ਪਾ ਗਈ ਸ਼ੁਹਦੀ

ਹਨੇਰੇ ਕਮਰਿਆਂ ਵਿੱਚ ਸੱਚ ਦਾ ਆਲਮ ਜੋ ਬਣਦੀ ਸੀ, 

ਰਤਾ ਜਦ ਰੌਸ਼ਨੀ ਕੀਤੀ ਕਿਵੇਂ ਬੁਖਲਾ ਗਈ ਸ਼ੁਹਦੀ । 

ਵਫ਼ਾ ਨੂੰ ਆਖਿਆ ਸੀ ਮੈਂ ਤੇਰੇ ਕਾਬਲ ਨਹੀਂ ਅੜੀਏ, 

ਉਹ ਸਾਰਾ ਸ਼ਹਿਰ ਅਜ਼ਮਾ ਕੇ ਮੇਰੇ ਘਰ ਗਈ ਸ਼ੁਹਦੀ । 

ਜਦੋਂ ਗ਼ੈਰਾਂ ਨੇ ਕੁਝ ਸੁਪਨੇ ਦਿਖਾਏ ਸਬਜ਼ ਬਾਗਾਂ ਦੇ, 

ਬੜੇ ਅੰਦਾਜ਼ ਵਿੱਚ ਉਹ ਖ਼ਤ ਮੇਰੇ ਪਰਤਾ ਗਈ ਸ਼ੁਹਦੀ । 

ਕਿਵੇਂ ਆਖਾਂ ਬੜੀ ਬੇਦਰਦ ਕਿ ਹਮਦਰਦ ਸੀ ਬਾਰਿਸ਼, 

ਕਿ ਪੱਕੇ ਹੋਰ ਵੀ ਲਿਸ਼ਕੇ ਤੇ ਕੱਚੇ ਢਾ ਗਈ ਸ਼ੁਹਦੀ

ਤੂੰ ਦੀਵਾ ਹੀ ਸਹੀ, ‘ਦੀਵੇ' ਤੇਰੇ ਹੇਠਾਂ ਹਨੇਰਾ ਹੈ, 

ਸੁਣੋ 'ਕੇਸ਼ੀ' ਤੇ ਉਹ ਇਲਜ਼ਾਮ ਕੇਹਾ ਲਾ ਗਈ ਸ਼ੁਹਦੀ

📝 ਸੋਧ ਲਈ ਭੇਜੋ