ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ

ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ

ਰਾਤਾ 'ਚ ਅਰਸ਼ ਵਰਗੇ

ਸੁਪਨਿਆਂ ਦੀ ਰੌਸ਼ਨੀ ਸੀ

ਤਾਰਿਆਂ ਨੂੰ ਮੱਥਿਆਂ 'ਤੇ

ਮੜ੍ਹਨ ਵਰਗੀ ਰੀਝ ਸੀ

ਘਰ ਚੁੱਪ ਜੇਹਾ ਹੋ ਗਿਆ ਸੀ

ਮਾਂ ਦੀ ਅਸੀਸ ਨੂੰ ਕੋਈ ਤੌਖਲਾ ਦਿਸਣ ਲੱਗ ਪਿਆ ਸੀ

ਭੈਣਾਂ ਦੇ ਚਾਅ ਨੂੰ ਡੋਬ ਜੇਹੇ ਪੈਣ ਲੱਗ ਪਏ ਸਨ

ਵੀਰ ਭਾਬੀ ਸੁਖੀ ਰਹਿਣ

ਵਿਹੜੇ ਨੇ ਜ਼ੁਬਾਨ ਬੰਦ ਕਰ ਲਈ ਸੀ

ਕਿੱਲੀਆਂ 'ਤੇ ਟੰਗੇ ਕੱਪੜੇ

ਅਣਜਾਣ ਜਿਹੇ ਹੋ ਗਏ ਸਨ

ਰਸੋਈ ਦੀ ਰੌਣਕ ਖੁਰ ਰਹੀ ਸੀ

ਰਜਾਈਆਂ 'ਚੋਂ ਨਿੱਘ ਮਰ ਗਏ ਸਨ

ਬੂਟਿਆਂ ਨੇ ਡਾਲੀਆਂ

ਉੱਚੀਆਂ ਕਰ ਲਈਆਂ ਸਨ

ਬੇਰੀ ਨੂੰ ਲੱਗੇ ਬੇਰ ਕਿਰ ਗਏ ਸਨ

ਪੰਛੀਆਂ ਨੇ ਘਰ ਆਉਣਾ ਛੱਡ ਦਿਤਾ ਸੀ

ਜਿਸ ਤੇ ਪਿੰਡ ਨੂੰ ਮਾਣ ਸੀ

ਉਹ ਵੀ ਛੱਡ ਤੁਰ ਚੱਲਿਆ ਹੈ ਕਿਧਰੇ ਦੂਰ ਬਦੇਸ਼ੀਂ

ਸ਼ਾਮਾਂ ਨੇ ਜਦ ਦੀ ਗੱਲ ਸੁਣੀ ਸੀ

ਬੋਲਣੋਂ ਹਟ ਗਈਆਂ ਸਨ

ਲੈ ਪੁੱਤ ਤੂੰ ਵੀ ਟੁਰ ਚੱਲਿਆਂ ਏਂ

ਮਾਂ ਨੇ ਅੱਖਾਂ ਪੂੰਝਦਿਆਂ ਕਿਹਾ ਸੀ

ਅੱਗੇ ਨਿੱਕੇ ਗਏ ਨਹੀਂ ਸੀ ਭੁੱਲੇ

ਹੁਣ ਮੇਰੇ ਪੋਤੇ ਪੋਤੀ ਨੂੰ ਵੀ ਲੈ ਚੱਲਿਆਂ ਏਂ

ਕਿਹਨੂੰ ਦੇਖਣ-ਕਿੱਥੇ ਜਾਇਆ ਕਰਾਂਗੀ ਹੁਣ?

ਕਿਸ ਚੀਜ਼ ਦੀ ਘਾਟ ਸੀ ਤੁਹਾਨੂੰ ਏਥੇ

ਚੰਗੀ ਭਲੀ ਨੌਕਰੀ ਘਰ ਬਾਰ ਸੋਹਣਾ

ਬੀ ਜੀ ਕਿਹਾ ਕਰਦੇ ਸਨ

ਉਹ ਨਹੀਂ ਸੀ ਜਾਣਦੀ ਕਿ

ਚੰਨ ਨੂੰ ਰਾਤ ਦੇ ਹਨ੍ਹੇਰਿਆਂ 'ਚ ਤੱਕਣ ਨੂੰ

ਏਥੇ ਸੱਧਰਾਂ ਜਨਮ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ

ਅੰਬਰ ਨੂੰ ਪੌੜੀ ਲਾਉਣ 'ਤੇ

ਖਿਸਕਾਉਣ ਵਾਲੇ ਅਨੇਕਾਂ ਸਨ ਏਥੇ

ਸੱਤਾ ਏਨੀ ਵਿਛ ਗਈ ਹੈ ਕਿ

ਬੰਸਰੀ ਦੇ ਛੇਕਾਂ 'ਚ ਮਿੱਟੀ ਪਾ ਭੱਜ ਜਾਂਦੇ ਨੇ ਕੁੱਤੇ

ਕੁਰਸੀਆਂ ਜੇ ਸਜਦੀਆਂ ਹਨ

ਤਾਂ ਪਹਿਲਾਂ ਆਪਣੇ ਨਲਾਇਕ ਪਿਆਦੇ ਬਿਠਾਏ ਜਾਂਦੇ ਹਨ

ਜੋ ਨਿੱਤ ਹਕੂਮਤ ਦੇ ਪਾਵਿਆਂ ਨੂੰ ਸਿਜਦੇ ਕਰਦੇ ਹਨ

ਮੈਰਿਟ ਕਬਰਾਂ ਨੂੰ ਟੁਰ ਗਈ ਹੈ

ਅਦਾਲਤ ਅਪੀਲ ਨਹੀਂ ਸੁਣਦੀ

ਜੇ ਫ਼ੈਸਲਾ ਕਰਦੀ ਹੈ ਤਾਂ ਦਰਬਾਰਾਂ ਨੂੰ ਪੁੱਛ ਕੇ

📝 ਸੋਧ ਲਈ ਭੇਜੋ