ਜਦੋਂ ਹਕੀਕਤ ਖੁੱਲਦੀ ਵੇਖੀ
ਅੱਖ ਚੋਂ ਲਾਲੀ ਡੁੱਲਦੀ ਵੇਖੀ
ਸੁੱਖ ਦੇ ਸਾਹਾਂ ਖ਼ਾਤਿਰ ਜ਼ਿੰਦਗੀ
ਨਾਲ ਦੁੱਖਾਂ ਦੇ ਘੁਲਦੀ ਵੇਖੀ
ਸਿਰ ਤੇ ਦੋਜ਼ਕ ਚੱਕਿਆ ਹੋਇਆ
ਪੈਰੀਂ ਜੰਨਤ ਰੁਲਦੀ ਵੇਖੀ
ਹਾਸਿਆਂ ਵੱਟੇ ਉਮਰ ਦੇ ਰੋਣੇ
ਅਸਾਂ ਖ਼ੁਸ਼ੀ ਇਸ ਮੁੱਲ ਦੀ ਵੇਖੀ
ਦੁਨੀਆਂ ਬੰਦੇ ਭੁੱਲ ਜਾਂਦੀ ਏ
ਤੂੰ ਤੇ ਵਾਅਦੇ ਭੁੱਲਦੀ ਵੇਖੀ
ਅੱਖੋਂ ਦੀਵੇ ਬੁੱਝ ਗਏ ਆਖਿਰ
ਜਦੋਂ ਹਨੇਰੀ ਝੁੱਲਦੀ ਵੇਖੀ