ਜਦੋਂ ਸਿਰ ਤੋਂ ਸ਼ਮਲੇ ਉਤਾਰੇ ਗਏ ਨੇ ।
ਨਵੇਂ ਹੌਸਲੇ ਫਿਰ ਉਸਾਰੇ ਗਏ ਨੇ ।
ਟੁਰੇ ਜੋ ਵੀ ਰਾਹੇ ਉਹ ਪਹੁੰਚੇ ਟਿਕਾਣੇਂ,
ਟੁਰੇ ਜੋ ਕੁਰਾਹੇ ਉਹ ਮਾਰੇ ਗਏ ਨੇ ।
ਨਾ ਸਖ਼ੀਆਂ ਦੇ ਹਾਸੇ, ਨਾ ਬੇਲੇ ਦੀ ਰੌਣਕ,
ਸਭੇ ਖੁੱਸ ਦਿਲ ਦੇ ਸਹਾਰੇ ਗਏ ਨੇ ।
ਜਿਨ੍ਹਾਂ ਦੀ ਹਿਆਤੀ ਵਫ਼ਾ ਕਰਦੇ ਲੰਘੀ,
ਉਨ੍ਹਾਂ ਨੂੰ ਵੀ ਪੱਥਰ ਹੀ ਮਾਰੇ ਗਏ ਨੇ ।
ਨਾ ਮੁੜਿਆ ਉਹ 'ਕੈਫ਼ੀ' ਮੈਂ ਰੋਂਦਾ ਰਿਹਾ,
ਜਿਵੇਂ ਹਾਵਾਂ ਅੱਥਰੂ ਵੰਗਾਰੇ ਗਏ ਨੇ ।