ਜਦੋਂ ਸੂਰਜ ਥੱਕ ਜਾਂਦਾ ਹੈ
ਟੁਰ ਟੁਰ ਕੇ ਕ੍ਰੋਧ 'ਚ ਬਲਦਾ
ਸਮੁੰਦਰ 'ਚ ਜਾ ਠਰਦਾ ਹੈ
ਸ਼ਾਮ ਜਦੋਂ
ਬੂਹੇ 'ਤੇ ਆ ਕੇ ਬੈਠ ਜਾਂਦੀ ਹੈ ਹਰ ਕੇ
ਓਹਦੇ ਅੰਦਰ ਵੀ ਓਹਦਾ
ਸਾਰਾ ਦਿਨ ਛਿਣ ਛਿਣ ਮਰਦਾ ਹੈ
ਇਕ ਇਕ ਸਿਤਾਰਾ
ਜਦ ਅੱਖਾਂ ਮਲਦਾ ਮਲਦਾ ਜਾਗਦਾ ਹੈ ਕੱਚੀ ਨੀਂਦੇ
ਤਾਂ ਇਕ ਇਕ ਤਾਰਾ ਅੱਗ ਦੀ ਨਦੀ ਤਰਦਾ ਹੈ
ਚੰਨ ਕੋਲ ਬੈਠ ਕੇ ਵੀ ਕੀ ਕਰੇਂਗਾ ਹੁਣ
'ਕੱਲੀ ਚਾਨਣੀ ਨਾਲ ਵੀ ਕਿਹੜਾ
ਅੱਜਕਲ੍ਹ ਦਿਲ ਭਰਦਾ ਹੈ
ਕਿਹੜੀ ਮਰਮ ਲਾਵੇਂਗਾ
ਇਸ਼ਕ ਦੇ ਜ਼ਖ਼ਮਾਂ 'ਤੇ
ਹੁਣ ਤਾਂ ਝਨਾਂ ਵੀ ਮੁਹੱਬਤ ਤੋਂ ਪਲ ਪਲ ਡਰਦਾ ਹੈ
ਅਜੇ ਤੱਕ ਪੈੜ ਨਹੀਂ ਲੱਭੀ
ਕਿਤੇ ਵੀ ਮਾਰੂਥਲ 'ਚੋਂ ਪੱਬਾਂ ਦੇ ਛਾਲਿਆਂ ਨੂੰ
ਪਿਆਰ ਖਬਰੇ ਕਿਹੜੇ ਕਿਹੜੇ ਪੱਤਣੀ ਜਾ ਚੜ੍ਹਦਾ ਹੈ
ਰਹਿਣ ਦੇ ਇਸ਼ਕ ਸੁੱਤੇ ਨੂੰ
ਜਾਗ ਪਿਆ ਤਾਂ ਰੋਣ ਲੱਗ ਪਵੇਗਾ
ਪਤਾ ਨਹੀਂ ਕਿਹੜੇ ਪ੍ਰੇਮ ਦੀ
ਇਹ ਰਾਤ ਦਿਨ ਕਿਤਾਬ ਪੜ੍ਹਦਾ ਹੈ