ਜੱਫੀਆਂ ਪਾ ਪਾ ਹੱਸਦੇ ਫਿਰਦੇ ਬੁੱਲੇ ਤੇਜ਼ ਹਵਾਵਾਂ ਦੇ
ਇਸ ਧਰਤੀ ਤੇ ਫੁੱਲ ਖਿੜ੍ਹਦੇ ਸੀ ਕਿੰਜ ਕਿੰਜ ਪਿਆਰ ਵਫ਼ਾਵਾਂ ਦੇ
ਛਣ-ਛਣ, ਛਣ-ਛਣ ਚੂੜੇ ਛਣਕਣ ਡਗ ਡਗ ਕਰਨੀ ਢੋਲਾਂ ਨੇ
ਜਿਹੜੇ ਵੇਲ਼ੇ ਲੱਗ ਜਾਂਦੇ ਸੀ ਮੇਲੇ ਕਣਕ ਕਪਾਵ੍ਹਾਂ ਦੇ
ਵਰ੍ਹਿਆਂ ਪਹਿਲੋਂ ਲਾਲ ਅਨ੍ਹੇਰੀ ਖਾ ਗਈ ਪਿੱਪਲ ਬੋਹੜਾਂ ਨੂੰ
ਵੈਰ ਦੀ ਕੜਮੀ ਧੁੱਪ ਨੇ ਦਿੱਤੇ ਚੀਰ ਕਲੇਜੇ ਛਾਂਵਾਂ ਦੇ
ਤੇਰੇ ਮਗਰੋਂ ਕੀ ਬੀਤੀ ਏ ਗਲ਼ੀਆਂ ਸੁੰਝ ਮਸੁੰਝੀਆਂ ਤੇ
ਤੂੰ ਕੀ ਜਾਣੇ ਕਿੰਨੇ ਸੁਫ਼ਨੇ ਟੁੱਟ ਗਏ ਪਿੰਡ ਦਿਆਂ ਰਾਹਵਾਂ ਦੇ
ਤਰਸ ਰਹੀਆਂ ਨੇ ਕਿੰਨੀਆਂ ਅੱਖਾਂ ਅੱਜ ਵੀ ਇੱਕ ਇੱਕ ਤਾਰੇ ਨੂੰ
ਹਾਲੇ ਤੀਕਰ ਚੰਨ ਨਈਂ ਲੱਭੇ ਉੱਜੜ ਗਈਆਂ ਕਈ ਮਾਵਾਂ ਦੇ
ਮਰ ਕੇ ਵੀ ਨਈਂ ਸਾਨੂੰ ਭੁੱਲਣੇ ਖਾਡੇ ਮਿੱਠਿਆਂ ਖੂਹਾਂ ਦੇ
ਜਿੱਥੋਂ ਠੰਢੇ ਪਾਣੀ ਪੀਤੇ ਰਲ਼ ਕੇ ਵਾਂਗ ਭਰਾਵਾਂ ਦੇ
ਘੁੱਗੀ, ਲਾਲ੍ਹੀ, ਸੀੜ੍ਹ, ਕਬੂਤਰ ਰਲ਼-ਮਿਲ਼ ਗਾਉਂਦੀਆਂ ਚਿੜੀਆਂ ਨੂੰ
ਵੱਖ ਕਰਨੇ ਵਿਚ ਹੱਥ ਨੇ ਬਹੁਤੇ ਕੁਝ ਗਿਰਝਾਂ ਕੁਝ ਕਾਵਾਂ ਦੇ
ਕੁਝ ਵਿੱਥਾਂ ਦੀ ਕੀੜੀ ਪੈ ਗਈ ਰੁੱਤ ਮਿਲਾਪਾਂ ਵਾਲ਼ੀ ਨੂੰ
ਤਾਂ ਈ ਖ਼ੌਰੇ ਸਾਂਝਾ ਉੱਤੇ ਚੱਲ ਗਏ ਵਾਰ ਬਲ਼ਾਵਾਂ ਦੇ
ਜਿੰਨੀਆਂ ਮਰਜ਼ੀ ਵੰਡਾਂ ਪਾ ਲੈ ਰਾਹ ਵਿਚ ਤਾਰਾਂ ਲਾ ਲੈ ਤੂੰ
ਕਦੀ ਕਿਸੇ ਤੋਂ ਵੱਖ ਨਈਂ ਹੋਣੇ ਪੁੱਤਰ ਪੰਜ ਦਰਿਆਵਾਂ ਦੇ
ਇੱਕੋ ਦੇਸ ਪੰਜਾਬ ਜੇ ਰਹਿੰਦਾ ‘ਸੰਧੂ’ ਜਗ ਨੇ ਤੱਕਣਾ ਸੀ
ਕਿੰਜ ਕਿੰਜ ਸੱਜਣ ਭਾਰ ਵੰਡਾਉਂਦੇ ਬਾਹਵਾਂ ਬਣਕੇ ਬਾਹਵਾਂ ਦੇ