ਜਗਤ ਭਰ ਦੀ ਗੂੰਦ ਸਿਰ ਤੇ ਢੋ ਰਿਹਾ
ਆਦਮੀ ਫਿਰ ਵੀ ਹੈ ਖੰਡਤ ਹੋ ਰਿਹਾ
ਚਲ ਰਿਹਾ ਪੱਖਾ ਕਿਹਾ ਸਿਰ ' ਤੇ ਮਿਰੇ
ਪੈਰ ਤਕ ਮੁੜ੍ਹਕਾ ਹੈ ਮੇਰਾ ਚੋਂ ਰਿਹਾ
ਸਾਜ਼ਗੀਰਾਂ ਦੀ ਥਿੜਕਣੀ ਵੇਖ ਕੇ
ਸਾਜ਼ ਨੀਵੀਂ ਪਾਈ ਬੈਠਾ ਰੋ ਰਿਹਾ
ਅੰਬਰਾਂ ਵਿਚ ਤਾਰਿਆਂ ਨੂੰ ਘੋਖਦਾ
ਹਰ ਘੜੀ ਇਨਸਾਨ ਬੌਣਾ ਹੋ ਰਿਹਾ
ਪਹੁੰਚ ਕੇ ਕਾਲੀ ਗੁਫ਼ਾ ਅੰਦਰ ਕੋਈ
ਰੋਸ਼ਨੀ ਦੇ ਖ਼ਾਬ ਹੈ ਸੰਜੋ ਰਿਹਾ
ਇਕ ਹੱਥੀਂ ਖ਼ੂਨ ਹੈ ਉਹ ਕਰ ਰਿਹਾ
ਦੂਸਰੇ ਦੇ ਨਾਲ ਧੱਬੇ ਧੋ ਰਿਹਾ
ਇੱਕ ਠੋਕਰ ਦੀ ‘ ਸੁਰਿੰਦਰ ’ ਮਾਰ ਹੈ
ਨੀਂਦ ਤੇਰੀ ਜੋ ਚੁਰਾ ਕੇ ਸੋ ਰਿਹਾ