ਜਦ ਚਾਹੇਂ ਤੂੰ ਜਗਤ ਪਸਾਰਾ ਹੋ ਜਾਂਦਾ,
ਜਦ ਚਾਹੇਂ ਤੂੰ ਧੁੰਦੁਕਾਰਾ ਹੋ ਜਾਂਦਾ।
ਕਦੇ ਤਾਂ ਬੇਰੰਗ ਇੱਕ ਓਅੰਕਾਰਾ ਹੋ ਜਾਂਦਾ,
ਰੰਗ ਬਰੰਗਾ ਕਦੇ ਖਲਾਰਾ ਹੋ ਜਾਂਦਾ।
ਕਦੇ ਤੂੰ ਵਾਹਿਦ ਸੁੰਨ ਸਮਾਧੀ ਵਿੱਚ ਰਹਿਨੈਂ,
ਕਦੇ ਪਦਾਰਥ ਬੇਸ਼ੁਮਾਰਾ ਹੋ ਜਾਂਦਾ।
ਤੇਰਾ ਦਰਸ਼ਨ ਤਦ ਮਿਲਦਾ ਏ ਯਾ ਅੱਲ੍ਹਾ,
ਜਦ ਸਤਿਗੁਰੂ ਦਾ ਗਿਆਨ ਇਸ਼ਾਰਾ ਹੋ ਜਾਂਦਾ।
ਨਜ਼ਰਾਂ ਨੂੰ ਤੂੰ ਹਾਜ਼ਰ-ਨਾਜ਼ਰ ਦਿਸਨਾਂ ਏਂ,
ਅੱਖੀਆਂ ਭਰਦੀਆਂ ਜਦੋਂ ਨਜ਼ਾਰਾ ਹੋ ਜਾਂਦਾ।
ਕਣ-ਕਣ ਸ਼ਕਤੀ ਭਰਿਆ, ਡਰਦਾ ਰਹਾਂ ਉਸਤੋਂ ,
ਜਿਸਦਾ ਰੱਬ ਸਾਰੇ ਦਾ ਸਾਰਾ ਹੋ ਜਾਂਦਾ।
ਉਸਦੇ ਚਰਨ-ਕਮਲ ਧੋ ਧੋ ਕੇ ਪੀਵਾਂ ਮੈਂ,
ਜਿਸਨੂੰ ਤੇਰਾ ਇੱਕ ਝਮਕਾਰਾ ਹੋ ਜਾਂਦਾ।
ਨ੍ਹੇਰੇ ਜੱਗ ਦੇ ਠੇਡਿਆਂ ਤੋਂ ਉਹ ਬੱਚਦਾ ਏ,
ਜਿਸ 'ਤੇ ਰਹਿਮਤ ਦਾ ਲਿਸ਼ਕਾਰਾ ਹੋ ਜਾਂਦਾ।।
ਤੇਰੇ ਪਿੱਛੇ ਸੱਜਣਾ ਕਾਹਤੋਂ ਫਿਰਨਾਂ ਸੀ?
ਤੇਰੇ ਬਾਝੋਂ ਅਗਰ ਗੁਜ਼ਾਰਾ ਹੋ ਜਾਂਦਾ।
ਉਹਨੂੰ ਕਿਹੜੀ ਤਾਕਤ ਜੱਗ ਦੀ ਰੋਕ ਲਊ,
ਸਤਿਗੁਰੂ ਜੀਹਦਾ ਆਪ ਸਹਾਰਾ ਹੋ ਜਾਂਦਾ।
ਧੰਨ ਹੈ ਉਹ ਜਿਸਨੂੰ ਵੀ ਪੂਰਨ ਸਤਿਗੁਰੂ ਦਾ,
ਗੁਰਸਿੱਖਾਂ ਚੋਂ ਪਾਕ ਦੀਦਾਰਾ ਹੋ ਜਾਂਦਾ।
'ਸਾਹਿਬ' ਝੋਲੀ ਪਾ ਦੇਓ ਪਰਮ ਅਵਸਥਾ ਨੂੰ,
ਆਕਾਰੋਂ ਨਿਰੰਕਾਰ ਦੁਬਾਰਾ ਹੋ ਜਾਂਦਾ।