ਕੋਈ ਕੋਈ ਹੁੰਦਾ, ਦਿਲੋਂ ਯਾਰ ਯਾਰ ਦਾ
ਦੱਸਣਾ ਕੀ ਹਾਲ, ਅੱਜ ਦੇ ਪਿਆਰ ਦਾ
ਲਗਦਾ ਨਾ ਪਤਾ, ਸੱਜਣਾਂ ਦੇ ਵਾਰ ਦਾ
ਜਿੱਤ ਜਾਂਦਾ ਬਾਜੀ, ਕੋਈ ਜਾਂਦਾ ਹਾਰਦਾ
ਪ੍ਰੇਮ ਵਾਲੀ ਦਾਰੂ, ਪੀ ਲੈ ਰੱਜ ਰੱਜ ਕੇ
ਰੰਗਲੀ ਜਵਾਨੀ, ਜੀ ਲੈ ਸੱਜ ਧੱਜ ਕੇ
ਦੁਨੀਆਂ ਦੀ ਸੇਵਾ, ਕਰ ਭੱਜ ਭੱਜ ਕੇ
ਜਾਣਾ ਪੈਣਾ ਏਥੋਂ, ਸਭ ਕੁੱਝ ਤੱਜ ਕੇ
ਪਈ ਜਾਂਦਾ ਗਿੱਧਾ, ਏਥੇ ਦੁੱਖ ਸੁੱਖ ਦਾ
ਮਾਰਦਾ ਨਜ਼ਾਰਾ, ਸੱਜਣਾ ਦੇ ਮੁੱਖ ਦਾ
ਇੱਕ ਗੇੜਾ ਦੇ ਦੇ, ਆਵੇ ਸਾਹ ਸੁੱਖ ਦਾ
ਗਿੱਲੇ ਗੋਟ੍ਹੇ ਵਾਂਗੂੰ, ਵੇਖ ਦਿਲ ਧੁੱਖਦਾ
ਉਮਰਾਂ ਦਾ ਖ਼ੂਹ, ਸਾਹਾਂ ਵਾਲੀ ਪੰਡ ਹੈ
ਗੇੜ ਗੇੜ ਥੱਕੇ, ਰੂਹਾਂ ਵਾਲੀ ਟਿੰਡ ਹੈ
ਡੰਗ ਡੰਗ ਲੰਘੇ , ਦੁੱਖਾਂ ਦੀ ਭਰਿੰਡ ਹੈ
ਖਿੱਦੋ ਵਾਂਗੂੰ ਰੁਲ਼ੇ , ਜਿੰਦਗੀ ਦੀ ਫਿੰਡ ਹੈ
ਖੜਕੇ ਪਤੀਲੀ, ਚੁੱਲ੍ਹੇ ਚਾਹ ਰਿੱਝਦੀ
ਅਮਲਾਂ ਨੇ ਪੱਟੀ, ਜਿੰਦ ਜਾਵੇ ਗਿੱਝਦੀ
ਘੁੱਟਾ ਬਾਟੀ ਪੀ ਕੇ, ਰੂਹ ਜਾਂਦੀ ਭਿੱਜਦੀ
ਘੜਿਆਂ ਦਾ ਪਾਣੀ, ਲੋੜ ਨਾ ਫ਼ਰਿੱਜ ਦੀ
ਆਥਣੇ ਸਵੇਰੇ, ਕੰਮ ਰਾਮ ਨਾਮ ਦਾ
ਖੜਕੇ ਪਿਆਲੀ, ਸ਼ਾਮੀਂ ਟੈਮ ‘ਜਾਮ’ ਦਾ
ਜਾਮ ਟਕਰਾ ਕੇ, ਭੁੱਲੇ ਚੇਤਾ ਧਾਮ ਦਾ
ਭੁੱਲ ਜਾਂਦਾ ਚੇਤਾ, ਬੰਦਾ ਰਹੇ ‘ਨਾਮ’ ਦਾ
ਲੁਕਦੇ ਨਾ ਨੈਣ, ਕਦੇ ਚੋਰ ਯਾਰ ਦੇ
ਲਗਦਾ ਨਾ ਪਤਾ, ਕਦੋਂ ਠੱਗੀ ਮਾਰਦੇ
ਵਸਦੇ ਨਾ ਪੱਟੇ, ਟੂਣੇਹਾਰੀ ਨਾਰ ਦੇ
ਕੀ ਹੈ ਦੱਸ ਸ਼ਮੀ, ਤੂੰਬਾ ਬਿਨਾਂ ਤਾਰ ਦੇ
ਲੱਗਿਆ ਫ਼ਿਕਰ, ਸਾਰੇ ਹੀ ਜਹਾਨ ਦਾ
ਹੋ ਗਿਆ ਦੀਵਾਨਾ, ਦਿਲ ਇਨਸਾਨ ਦਾ
ਬਣਕੇ ਲਿਖਾਰੀ, ਕਵੀਆਂ ਦੇ ਹਾਣ ਦਾ
ਲਿਖੀ ਜਾਂਦਾ ਸ਼ਮੀ, ਸਾਰਾ ਹਾਲ ਜਾਣਦਾ