ਮੈਂ ਇਸ਼ਾਰਾ ਹਾਂ

ਸਮੇਂ ਦੀ ਬੇਬਸੀ ਦਾ

ਜੋ ਦਿਸ਼ਾਵਾਂ ਤੇ ਗੁਫਾਵਾਂ ਦੇ ਭੁਲਾਵੀਂ ਭਟਕਿਆ ਹਾਂ 

ਤੇ ਖ਼ਲਾ ਨੂੰ ਖਟਕਿਆ ਹਾਂ

ਮੇਰੇ ਇਕਲਾਪੇ ਨੂੰ ਮਿਲਿਆ ਨਾ ਹੁੰਗਾਰਾ

ਜਦ ਕਦੀ

ਬੇਚੈਨ ਹੋ ਕੇ ਕੂਕਿਆਂ ਮੈਂ

ਪਰਬਤਾਂ ਦੀਆਂ ਖੁੰਦਰਾਂ ਚੋਂ

ਵਾਜ ਮੇਰੀ

ਹੋਰ ਵੀ ਭੈਭੀਤ ਹੋਈ

ਪੱਥਰਾਂ ਦੇ ਨਾਲ ਟਕਰਾ ਕੇ ਪਰਤ ਆਉਂਦੀ ਰਹੀ

ਸਾਹਾਂ ਦੇ ਰਾਹਾਂ 'ਤੇ ਤੁਰਦਾ

ਕਥ ਮਿਥੇ ਪੁੰਨ ਪਾਪ ਦੇ

ਪ੍ਰਛਾਵਿਆਂ ਤੋ ਤ੍ਰਭਕਿਆ ਹਾਂ

ਨਜ਼ਰ ਦੇ ਪਰਦੇ ਦੇ ਪਿਛੋਂ

ਵੀ ਕੋਈ

ਕਣਸੋ ਜਹੀ ਆਉਂਦੀ ਰਹੀ

ਜਿਸਦਾ ਮੈਥੋਂ ਭੇਤ ਪਾਇਆ ਨਾ ਗਿਆ 

ਪ੍ਰਤੱਖ ਦਾ ਪਰਦਾ ਹਟਾਇਆ ਨਾ ਗਿਆ

ਅੱਖਰਾਂ ਬਾਝੋਂ ਨਾ ਕੁਝ ਪਹਿਚਾਣਿਆ ਮੈਂ 

ਅੱਖਰਾਂ ਨੂੰ ਆਖਰੀ ਸੱਚ ਜਾਣਿਆ ਮੈਂ 

ਅੱਖਰਾਂ ਦੇ ਮੋਹ 'ਚ ਫਸਿਆ

ਆਪਣੀ ਕਾਇਆ ਤੋਂ ਓੜਕ ਥੱਕਿਆ ਹਾਂ

ਅੱਖਰਾਂ ਦੀ ਹੱਦ ਨਾ ਲੰਘ ਸਕਿਆ ਹਾਂ

ਮੈਂ ਇਸ਼ਾਰਾ ਹਾਂ

ਸਮੇਂ ਦੀ ਬੇਬਸੀ ਦਾ

ਜੋ ਦਿਸ਼ਾਵਾਂ ਤੇ ਗੁਫਾਵਾਂ ਦੇ ਭੁਲਾਵੀਂ ਭਟਕਿਆ ਹਾਂ 

ਤੇ ਖ਼ਲਾ ਨੂੰ ਖਟਕਿਆ ਹਾਂ।

📝 ਸੋਧ ਲਈ ਭੇਜੋ