ਜਾਗੋ ਜਾਗੋ ਨਵਿਓਂ ਗੀਤੋ

ਜਾਗੋ ਜਾਗੋ ਨਵਿਓਂ ਗੀਤੋ ਨਵਯੁਗ ਰਹਿਆ ਪੁਕਾਰ ! 

ਪੁੰਗਰੋ ਪੁੰਗਰੋ ਨਵਿਓਂ ਪਤਿਓ ਆਈ ਫੇਰ ਬਹਾਰ ! 

ਵੇਖਣ ਲਈ ਨਵੀਆਂ ਪ੍ਰਭਾਤਾਂ

ਨਹਾ ਧੋ ਆਈਆਂ ਕਾਲੀਆਂ ਰਾਤਾਂ

ਮੱਝੀਆਂ ਦੀ ਖੁਰਲੀ ਵਿਚ ਹੋਈ, ਝਾਂਜਰ ਦੀ ਛਣਕਾਰ ।

ਚੌਣਾ ਛੇੜ ਕੇ ਟੁਰ ਪਏ ਵਾਗੀ

ਪਸੂਆਂ ਦੀ ਵੀ ਦੁਨੀਆਂ ਜਾਗੀ

ਸੁਤੀ ਧਰਤੀ ਅੰਬਰ ਜਾਗੇ, ਜਾਗ ਪਿਆ ਸੰਸਾਰ ।

ਹਾਲੀ ਦੇ ਬਲਦਾਂ ਦੀਆਂ ਟੱਲੀਆਂ

ਸੁਤੜੇ ਖੇਤ ਜਗਾਵਨ ਚਲੀਆਂ

ਧਰਤੀ ਦੇ ਸਿਰ ਕੰਘੀ ਕਰਕੇ, ਦੇਵਣ ਜ਼ੁਲਫ ਸੰਵਾਰ।

ਖੂਹਾਂ 'ਚੋਂ ਟਿੰਡਾਂ ਦੀ ਟੋਲੀ

ਨਿਕਲੀ ਆਵੇ ਭਰ ਭਰ ਝੋਲੀ

ਜੱਟ ਦੇ ਦਿਲ ਦੇ ਗੀਤ ਟੁਰੇ ਨੇ, ਆਡਾਂ ਦੇ ਵਿਚਕਾਰ ।

ਲੋਕਾਂ ਦੀ ਆਵਾਜ਼ 'ਚੋਂ ਜਾਗੋ 

ਪੰਛੀ ਦੀ ਪਰਵਾਜ਼ 'ਚੋਂ ਜਾਗੋ

ਪੰਛੀ ਦੇ ਪਰ ਪਿੰਜਰਾ ਕਟ ਗਏ, ਬਣ ਗਏ ਹਨ ਤਲਵਾਰ ।

ਜਾਗੋ ਜਾਗੋ ਨਵਿਓਂ ਗੀਤ, ਨਵਯੁਗ ਰਹਿਆ  ਪੁਕਾਰ !

📝 ਸੋਧ ਲਈ ਭੇਜੋ