ਜਗੋਂ ਖੱਟ ਮੁਸਾਫ਼ਰ ਤੁਰਦਾ

ਜਗੋਂ ਖੱਟ ਮੁਸਾਫ਼ਰ ਤੁਰਦਾ,

ਮਾਨਸ ਨਾਉਂ ਧਰਾਯਾ ਮੁਰਦਾ,

ਵਸਤੀ ਛਡ ਉਜਾੜੀਂ ਆਇਆ,

ਗੋਰੀਂ ਆਸਨ ਲਾਇਆ ਤੈਂ

ਧਰਮ ਰਾਜ ਨੇ ਬਹੁਤ ਬਗੋਯਾ,

ਰੋਜ਼ ਨਾਮ ਹਾਜ਼ਰ ਨਹੀਂ ਹੋਯਾ,

ਚਿਤ੍ਰ ਗੁਪਤ ਦਫ਼ਤਰ ਨੂੰ ਦੇਖਨ,

ਕਹਿਨ ਕੁਕਰਮ ਕਮਾਇਆ ਤੈਂ

ਲੋਭੀ ਹੋਇ ਫਿਰੇ ਹਲਕਾਯਾ,

ਸਾਧ ਸੰਗ ਵਾਸਾ ਨਹੀਂ ਪਾਯਾ,

ਕਿਉਂ ਰੇ ਬਉਰੇ ਜਨਮ ਗਵਾਯਾ,

ਕਾਲਖ ਦਾਗ਼ ਲਵਾਯਾ ਤੈਂ

ਜਿਸ ਸਾਈਂ ਨੇ ਪੈਦਾ ਕੀਤਾ,

ਤਿਸ ਦਾ ਨਾਮ ਨਾ ਸੁਣਿਆ ਲੀਤਾ,

ਬੈਠ ਕੁਸੰਗਤ ਕਰਮ ਹੀਨ,

ਕਰ ਚੋਰੀ ਸ਼ੁਕਰ ਮਨਾਇਆ ਤੈਂ

ਕਾਜ ਬਿਗਾੜ ਪਿਛੋਂ ਪਛਤਾਵੇਂ,

ਬੀਜੇਂ ਅੱਕ ਅੰਬ ਕਿਥੋਂ ਖਾਵੇਂ,

ਈਸ਼ਰ ਦਾਸਾ ਕੌਡੀ ਬਦਲੇ,

ਲਾਲ ਅਮੋਲ ਗਵਾਯਾ ਤੈਂ

📝 ਸੋਧ ਲਈ ਭੇਜੋ