ਜਿਸ ਦਿਨ ਤੋਂ ਇਸ ਭਾਰਤ ਅੰਦਰ,
ਮੁਗ਼ਲ ਰਾਜ ਨੇ ਪੈਰ ਟਿਕਾਏ।
ਕਿਤਨੇ ਹੀ ਤੂਫ਼ਾਨ ਜ਼ੁਲਮ ਦੇ,
ਦਿਨੋਂ ਦਿਨ ਹੋਏ ਦੂਣ ਸਵਾਏ।
ਕਦੀ ਤਾਂ ਬਾਬਰਵਾਣੀ ਫਿਰ ਗਈ,
ਕਦੀ ਹੁੰਮਾਯੂ ਤੇਗ ਉਛਾਲੀ।
ਕਦੀ ਤਾਂ ਅਕਬਰ ਦੀ ਬਦਨੀਤੀ,
ਸਭ ਨੂੰ ਦਿੱਤੀ ਜ਼ਹਿਰ ਪਿਆਲੀ।
ਭੋਲੇ ਭਾਲੇ ਭਾਰਤ ਵਾਸੀ,
ਆਏ ਇਨ੍ਹਾਂ ਦੀਆਂ ਚਾਲਾਂ ਅੰਦਰ ।
ਅਦਲਾ ਬਦਲੀ ਕਰ ਸਕੇ ਨਾ,
ਇਨ੍ਹਾਂ ਦਿਆਂ ਖ਼ਿਆਲਾਂ ਅੰਦਰ।
ਹੋਣ ਲੱਗੇ ਇੱਜ਼ਤ ਦੇ ਸੌਦੇ,
ਕੂੜ ਦੀਆਂ ਜਾਗੀਰਾਂ ਪਿੱਛੇ।
ਕਾਲੇ ਧੱਬੇ ਕਿਸੇ ਨਾ ਵੇਖੇ,
ਲਿਸ਼ਕਦੀਆਂ ਤਸਵੀਰਾਂ ਪਿੱਛੇ।
ਮਿਹਰਾਂ ਦਾ ਮੀਂਹ ਸਮਝ ਲਿਆ ਸੀ,
ਲੋਕਾਂ ਏਸ ਫੁਹਾਰੇ ਤਾਈਂ।
ਥੰਮੀਆਂ ਦੇ ਕੇ ਉੱਚਾ ਕੀਤਾ,
ਆਪਣੇ ਏਸ ਚੁਬਾਰੇ ਤਾਈਂ।
ਅਬਲਾ ਭਾਰਤ ਦਾ ਲਹੂ ਪੀ ਪੀ,
ਏਸ ਤਾਈਂ ਫਿਰ ਚੜ੍ਹੀ ਜੁਆਨੀ।
ਜਹਾਂਗੀਰ ਮੂੰਹ ਜ਼ੋਰ ਮੁਹਾਣੀ,
ਬਣਿਆ ਸੀ ਜਦ ਇਸਦਾ ਬਾਨੀ।
ਪੀ ਕੇ ਨਸ਼ਾ ਹਕੂਮਤ ਵਾਲਾ,
ਫ਼ਰਜ਼ ਦੀ ਤਕੜੀ ਤੋਲਣ ਲੱਗਾ।
ਤੁਅੱਸਬੀ ਧੁੰਦਲੇ ਸ਼ੀਸ਼ੇ ਵਿੱਚੋਂ,
ਅਦਲ ਦੇ ਮੋਤੀ ਟੋਲਣ ਲੱਗਾ।
ਪਰ ਉਸ ਵੇਲੇ ਸਤਿਗੁਰ ਅਰਜੁਨ,
ਸਾਂਭ ਲਿਆ ਇਤਿਹਾਸ ਪੁਰਾਣਾ।
ਜਹਾਂਗੀਰ ਚਾਹੁੰਦਾ ਸੀ ਜਿਸ ਤੇ,
ਮੁਸਲਮਾਨੀ ਰੰਗ ਚੜ੍ਹਾਣਾ।
ਆਪਣੀ ਰਾਹ ਦੇ ਰੋੜੇ ਤਾਈਂ,
ਜਹਾਂਗੀਰ ਹਟਾਵਾਣਾ ਚਾਹਿਆ।
ਕਿਸੇ ਬਹਾਨੇ ਗੁਰ ਅਰਜੁਨ ਨੂੰ,
ਜਹਾਂਗੀਰ ਮਰਵਾਣਾ ਚਾਹਿਆ।
ਚਾਹੁੰਦਾ ਨਹੀਂ ਸੀ ਜਨਤਾ ਕੋਲੋਂ,
ਬਾਦਸ਼ਾਹ ਜ਼ਾਲਮ ਅਖਵਾੳਣਾ।
ਏਸ ਅਦਲ ਦੀ ਤਕੜੀ ਉੱਤੇ,
ਲੋਕ ਲਹੂ ਦੇ ਛਿੱਟੇ ਪਾਣਾ।
ਦਿਲ ਦੀ ਅੱਗ ਬੁਝਾਵਣ ਖ਼ਾਤਰ,
ਢੂੰਡ ਰਿਹਾ ਸੀ ਕਿਧਰੇ ਪਾਣੀ।
ਤਦ ਉਸ ਦੀਆਂ ਨਜ਼ਰਾਂ 'ਚ ਆ ਗਈ,
ਉਲਝੀ ਹੋਈ ਚੰਦੂ ਦੀ ਤਾਣੀ ।
ਲੱਭ ਲਿਆ ਉਹਨੇ ਇੱਕ ਨਿਸ਼ਾਨਾ,
ਉਹੀਓ ਸਿਰੇ ਚੜ੍ਹਾਣਾ ਚਾਹਿਆ।
ਸਤਿਗੁਰੂ ਜੀ ਨੂੰ ਇੱਕ ਹਿੰਦੂ ਤੋਂ,
ਏਸੇ ਲਈ ਮਰਵਾਣਾ ਚਾਹਿਆ।
ਫੌਜੀ ਤਾਕਤ ਦੇ ਗਿਆ ਸਾਰੀ,
ਗੁਰੂ ਅਰਜਨ ਮਰਵਾਵਣ ਖ਼ਾਤਰ।
ਟੁਰ ਗਿਆ ਦੂਰ ਪਹਾੜਾਂ ਉੱਤੇ,
ਆਪਣੇ ਪਾਪ ਛੁਪਾਵਣ ਖ਼ਾਤਰ।
ਕੀ ਹੋਇਆ ਇਸ ਭਾਰਤ ਅੰਦਰ,
ਸਾਕ ਕਦੇ ਵੀ ਟੁੱਟੇ ਨਹੀਂ ਸਨ?
ਪਰ ਨਿੱਕੀਆਂ ਜਿਹੀਆਂ ਗੱਲਾਂ ਪਿੱਛੇ,
ਕਹਿਰ ਕਦੇ ਵੀ ਫੁੱਟੇ ਨਹੀਂ ਸਨ?
ਰਿਸ਼ਤੇਦਾਰਾਂ ਇੱਕ ਦੂਜੇ ਤੇ,
ਊਜਾਂ ਕਦੇ ਲਗਾਈਆਂ ਨਹੀਂ ਸਨ?
ਕਿਸੇ ਵਜ਼ੀਰ ਦੇ ਹੱਥੀਂ ਰਾਜੇ,
ਵਾਗਾਂ ਕਦੇ ਫੜਾਈਆਂ ਨਹੀਂ ਸਨ?
ਇੰਝ ਕਿਸੇ ਨਾ ਧਰੇ ਅੰਗਾਰੇ,
ਦੇਸ਼ ਦੀਆਂ ਤਕਦੀਰਾਂ ਉੱਤੇ।
ਅੰਤਾਂ ਜ਼ੁਲਮ ਕਿਸੇ ਨਾ ਕੀਤਾ,
ਰਾਜੇ ਕਿਸੇ ਫ਼ਕੀਰਾਂ ਉੱਤੇ ।
ਚੰਦੂ ਹੋਸ਼ ਭੁਲਾ ਬੈਠਾ ਸੀ,
ਵੇਖ ਕੇ ਸ਼ਾਹੀ ਮਾਲ ਖ਼ਜ਼ਾਨਾ।
ਕੱਢਣ ਲੱਗਾ ਗੁਰੂ ਅਰਜਨ ਤੇ,
ਆਪਣੇ ਦਿਲ ਦਾ ਵੱਟ ਪੁਰਾਣਾ।
ਭਾਂਬੜ ਮਚਿਆ ਗੁੱਸੇ ਵਾਲਾ,
ਲੋਹ ਤਾਈਂ ਤਪਾਵਣ ਲੱਗਾ।
ਅੱਜ ਬੰਦਾ ਭਗਵਾਨ ਦੀ ਹਸਤੀ,
ਅੱਗ ਦੇ ਨਾਲ ਮਿਟਾਵਣ ਲੱਗਾ।
ਭਬਕ ਭਬਕ ਕੇ ਭਾਂਬੜ ਮਚਿਆ,
ਲਟ ਲਟ ਮੱਚ ਉੱਠੀਆਂ ਸਨ ਲਾਟਾਂ।
ਅੰਗਿਆਰਾਂ ਦੇ ਸੀਨੇ ਵਿੱਚੋਂ,
ਉੱਠ ਪਈਆਂ ਸਨ ਕਈ ਤਰਾਟਾਂ।
ਲੋਹੇ ਦਾ ਲਹੂ ਸਿੰਮ ਪਿਆ ਸੀ,
ਸਹਿ ਸਹਿ ਕੇ ਭਾਂਬੜ ਦੀਆਂ ਮਾਰਾਂ।
ਸੜ ਸੜ ਕੇ ਭੱਠੀ ਦਾ ਸੀਨਾ,
ਪਿਆ ਮਚਾਵੇ ਹਾਹਾਕਾਰਾਂ।
ਛਾਲੇ ਛਾਲੇ ਪਿੰਡਾ ਕਰ ਕੇ,
ਕੁਦਰਤ ਨੇ ਹਟਕੋਰੇ ਲੀਤੇ।
ਤਲਖ਼ ਹਵਾਵਾਂ ਸਮੇਂ ਦੀਆਂ ਨੇ,
ਇਸ ਠੰਡਕ ਨੂੰ ਸਜਦੇ ਕੀਤੇ।
ਤੇਰਾ ਭਾਣਾ ਮੀਠਾ ਲਾਗੇ,
ਮਸਤੀ ਵਿੱਚ ਜੋ ਗਾਂਦਾ ਜਾਵੇ।
ਆਪਣੇ ਤਨ ਤੇ ਅੱਗ ਪਵਾ ਕੇ,
ਜਗ ਤੇ ਠੰਡ ਵਰਤਾਂਦਾ ਜਾਵੇ।