ਜੈ ਜਵਾਨ ! ਜੈ ਕਿਸਾਨ

ਜੈ ਜਵਾਨ ! ਜੈ ਕਿਸਾਨ !!

ਦੋਹਾਂ ਦੇ ਸਿਰ ਸਦਕਾ ਉੱਚੀ ਭਾਰਤ ਮਾਂ ਦੀ ਸ਼ਾਨ

ਜੈ ਜਵਾਨ ! ਜੈ ਕਿਸਾਨ !!

ਜੱਟਾ ਸੁੱਤੀ ਧਰਤ ਜਗਾਵੇ ਹੱਲ ਤੇਰੀ ਦਾ ਫਾਲਾ

ਹਾੜ੍ਹ ਦੀ ਗਰਮੀ ਸਿਰ 'ਤੇ ਝੱਲੇ ਸਿਰ ਤੇ ਪੋਹ ਦਾ ਪਾਲਾ

ਮੁੜ੍ਹਕਾ ਡੋਲ੍ਹ ਕੇ ਹਰੇ ਤੂੰ ਕਰਦਾ

ਬੰਜਰ ਤੇ ਵੀਰਾਨ

ਜੈ ਜਵਾਨ ! ਜੈ ਕਿਸਾਨ !!

ਤੂੰ ਰਖਵਾਲੀ ਕਰੇਂ ਦੇਸ਼ ਦੀ, ਬਣ ਕੇ ਪਹਿਰੇਦਾਰ

ਤੂੰ ਲਹੂਆਂ ਦੀ ਹੋਲੀ ਖੇਡੇਂ, ਬਰਫ਼ਾਂ ਦੇ ਵਿਚਕਾਰ

ਸੰਗੀਨਾਂ ਦੀ ਛਾਂ ਦੇ ਹੇਠਾਂ

ਖੜਾ ਤੂੰ ਸੀਨਾ ਤਾਨ

ਜੈ ਜਵਾਨ ! ਜੈ ਕਿਸਾਨ !!

ਇਕ ਤਾਂ ਆਪੇ ਭੁੱਖਾ ਰਹਿ ਕੇ ਘਰ ਘਰ ਅੰਨ ਪੁਚਾਵੇ

ਦੂਜਾ ਆਪਣੀ ਜਾਨ ਗਵਾ ਕੇ ਦੇਸ਼ ਦੀ ਆਨ ਬਚਾਵੇ

ਇਨ੍ਹਾਂ ਦੋਹਾਂ ਦੀ ਮਿਹਨਤ ਦਾ

ਸਾਡੇ ਸਿਰ ਅਹਿਸਾਨ

ਜੈ ਜਵਾਨ ! ਜੈ ਕਿਸਾਨ !!

📝 ਸੋਧ ਲਈ ਭੇਜੋ